
ਸੂਡਾਨ ਵਿੱਚ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਨੀਮ ਫੌਜੀ ਦਸਤੇ) ਵਿਚਕਾਰ ਲੜਾਈ ਤੇਜ਼ ਹੋ ਗਈ ਹੈ। ਦੋਵਾਂ ਵਿਚਾਲੇ ਚੱਲ ਰਹੇ ਭਿਆਨਕ ਸੰਘਰਸ਼ ਦੌਰਾਨ ਕਈ ਦੇਸ਼ਾਂ ਨੇ ਇੱਥੋਂ ਆਪਣੇ ਕੂਟਨੀਤਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਸੁਡਾਨ ‘ਚ ਚਲ ਰਹੀ ਇਸ ਜੰਗ ਦਾ ਐਤਵਾਰ ਨੂੰ ਨੌਵਾਂ ਦਿਨ ਰਿਹਾ ਪਰ ਅਜੇ ਤੱਕ ਪੱਖਾਂ ਵਿਚਾਲੇ ਸਮਝੌਤਾ ਹੋਣ ਦਾ ਕੋਈ ਸੰਕੇਤ ਨਹੀਂ ਹੈ। ਇਸ ਦੌਰਾਨ ਸਿਰਫ਼ ਈਦ ਦੇ ਦਿਨ ਜੰਗਬੰਦੀ ਰੱਖੀ ਗਈ ਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟਵੀਟ ਕੀਤਾ ਹੈ ਕਿ ਦੇਸ਼ ਦੀ ਹਥਿਆਰਬੰਦ ਸੈਨਾ ਨੇ ਬ੍ਰਿਟੇਨ ਦੇ ਡਿਪਲੋਮੈਟ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਡਾਨ ਤੋਂ ਬਾਹਰ ਕੱਢ ਲਿਆ ਹੈ। ਸਾਊਦੀ ਅਰਬ ਨੇ ਵੀ ਆਪਣੇ 157 ਲੋਕਾਂ ਨੂੰ ਉੱਥੋਂ ਕੱਢ ਲਿਆ ਹੈ। ਅਮਰੀਕਾ ਅਤੇ ਬ੍ਰਿਟੇਨ ਨੇ ਖਾਰਤੂਮ ਤੋਂ ਆਪਣੇ ਡਿਪਲੋਮੈਟਾਂ ਨੂੰ ਏਅਰਲਿਫਟ ਕਰ ਲਿਆ। ਇਸੇ ਤਰ੍ਹਾਂ ਫਰਾਂਸ, ਜਰਮਨੀ, ਇਟਲੀ, ਵੈਨੇਜ਼ੁਏਲਾ ਅਤੇ ਕੈਨੇਡਾ ਨੇ ਵੀ ਆਪਣੇ ਲੋਕਾਂ ਨੂੰ ਕੱਢਣ ਦੀ ਪੁਸ਼ਟੀ ਕੀਤੀ ਹੈ।ਸੂਡਾਨ ਦੇ ਨਾਗਰਿਕ ਵੀ ਦੇਸ਼ ਦੇ ਅੰਦਰ ਸੁਰੱਖਿਅਤ ਥਾਵਾਂ ਵੱਲ ਭੱਜ ਰਹੇ ਹਨ। ਕਈ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਖਤਰਨਾਕ ਸੜਕਾਂ ਪਾਰ ਕਰਦੇ ਹੋਏ ਮਿਸਰ ਪਹੁੰਚ ਰਹੇ ਹਨ। ਐਸੋਸੀਏਟਡ ਪ੍ਰੈੱਸ ਦੀ ਰਿਪੋਰਟ ਮੁਤਾਬਕ, ਸੂਡਾਨ ਸੰਘਰਸ਼ ਵਿੱਚ ਹੁਣ ਤੱਕ 420 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 264 ਆਮ ਨਾਗਰਿਕ ਹਨ ਤੇ 3700 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।ਰੈਪਿਡ ਸਪੋਰਟ ਫੋਰਸਿਜ਼ ਨੇ ਕਿਹਾ ਹੈ ਕਿ ਉਸ ਦੇ ਹਥਿਆਰਬੰਦ ਲੜਾਕਿਆਂ ਨੇ ਕਾਫੋਰੀ ਅਤੇ ਖਾਰਤੂਮ ਦੇ ਨਾਲ ਲੱਗਦੇ ਇਲਾਕੇ ‘ਚ ਹਵਾਈ ਹਮਲੇ ਕੀਤੇ ਹਨ। ਫਿਲਹਾਲ ਫੌਜ ਵਲੋਂ ਕੋਈ ਬਿਆਨ ਨਹੀਂ ਆਇਆ ਹੈ।



















