ਟਵਿੱਟਰ ਨੇ ਅਹਿਮ ਹਸਤੀਆਂ ਦੇ ਬਲਿਊ ਟਿਕ ਬਹਾਲ ਕੀਤੇ

ਟਵਿੱਟਰ ਨੇ ਅਹਿਮ ਹਸਤੀਆਂ ਦੇ ਬਲਿਊ ਟਿਕ (ਵੈਰੀਫਿਕੇਸ਼ਨ ਬੈਜ) ਬਹਾਲ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੰਪਨੀ ਨੇ ਭੁਗਤਾਨ ਨਾ ਕਰਨ ਵਾਲੇ ਖ਼ਾਤਿਆਂ ਦੇ ਬਲਿਊ ਟਿਕ ਹਟਾ ਦਿੱਤੇ ਸਨ। ਟਵਿੱਟਰ ਦੇ ਮਾਲਕ ਐਲਨ ਮਸਕ ਦੀ ਮਾਈਕਰੋਬਲਾਗਿੰਗ ਸਾਈਟ ਨੇ ਇਸ ਹਫ਼ਤੇ ਭੁਗਤਾਨ ਨਾ ਕਰਨ ਵਾਲਿਆਂ ਦੇ ਟਵਿੱਟਰ ਖ਼ਾਤਿਆਂ ਦੇ ਬਲਿਊ ਟਿਕ ਹਟਾਉਣੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ’ਚ ਕਾਂਗਰਸ ਆਗੂ ਰਾਹੁਲ ਗਾਂਧੀ, ਅਦਾਕਾਰ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਦੇ ਨਾਮ ਵੀ ਸ਼ਾਮਲ ਹਨ। ਹੁਣ ਕਈ ਖ਼ਾਤਿਆਂ ’ਤੇ ਬਲਿਊ ਟਿਕ ਵਾਪਸ ਆ ਗਏ ਹਨ। ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਵਰਗੇ ਸਿਖਰਲੇ ਕ੍ਰਿਕਟਰਾਂ ਦਾ ਬਲਿਊ ਟਿਕ ਵਾਪਸ ਆ ਗਿਆ ਹੈ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਨ੍ਹਾਂ ਖਾਤੇਦਾਰਾਂ ਨੇ ਰਕਮ ਅਦਾ ਕੀਤੀ ਹੈ ਜਾਂ ਨਹੀਂ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜਿਨ੍ਹਾਂ ਦੇ ਟਵਿੱਟਰ ਹੈਂਡਲ ਦਾ ਬਲਿਊ ਟਿਕ ਵਾਪਸ ਆ ਗਿਆ ਹੈ, ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਇਸ ਲਈ ਰਕਮ ਅਦਾ ਨਹੀਂ ਕੀਤੀ ਹੈ। ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਬਲਿਊ ਟਿਕ ਬਹਾਲ ਹੋਣ ’ਤੇ ਹੈਰਾਨੀ ਅਤੇ ਖੁਸ਼ੀ ਜਤਾਈ ਹੈ। ਟਵਿੱਟਰ ਨੇ ਬਲਿਊ ਟਿਕ ਬਹਾਲ ਕਰਨ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਵਧੇਰੇ ਪ੍ਰਸ਼ੰਸਕਾਂ ਵਾਲੇ ਖ਼ਾਤਿਆਂ ਦੇ ਬਲਿਊ ਟਿਕ ਬਹਾਲ ਕਰ ਦਿੱਤੇ ਹਨ। ਕੁਝ ਆਲਮੀ ਹਸਤੀਆਂ, ਜੋ ਹੁਣ ਇਸ ਦੁਨੀਆ ’ਚ ਨਹੀਂ ਹਨ, ਚੈਡਵਿਕ ਬੋਸਮੈਨ, ਕੋਬੇ ਬ੍ਰਾਇੰਟ ਅਤੇ ਮਾਈਕਲ ਜੈਕਸਨ ਆਦਿ ਦੇ ਖ਼ਾਤਿਆਂ ਦੇ ਬਲਿਊ ਟਿਕ ਵੀ ਵਾਪਸ ਆ ਗਏ ਹਨ।

Total Views: 148 ,
Real Estate