
ਫਿਨਲੈਂਡ ਨਾਟੋ ਦਾ ਨਵਾਂ ਮੈਂਬਰ ਬਣ ਗਿਆ ਹੈ। ਉਹ ਇਸ ਫੌਜੀ ਗੱਠਜੋੜ ਵਿੱਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼ ਹੈ। ਇਸ ਸਬੰਧੀ ਐਲਾਨ ਨਾਟੋ ਦੇ ਜਨਰਲ ਸਕੱਤਰ ਜੇਨਜ਼ ਸਟੋਲਟਨਬਰਗ ਨੇ ਅੱਜ ਕੀਤਾ। ਦੂਜੇ ਪਾਸੇ ਰੂਸ ਨੇ ਫਿਨਲੈਂਡ ਦੇ ਨਾਟੋ ਦਾ ਮੈਂਬਰ ਬਣਨ ’ਤੇ ਨਾਰਾਜ਼ਗੀ ਜਤਾਉਂਦਿਆਂ ਇਸ ਨੂੰ ਰੂਸ ਦੀ ਸੁਰੱਖਿਆ ’ਤੇ ਹਮਲਾ ਕਰਾਰ ਦਿੱਤਾ ਹੈ। ਫਿਨਲੈਂਡ ਦੇ ਨਾਟੋ ਮੈਂਬਰ ਬਣਨ ਨਾਲ ਰੂਸ ਨੂੰ ਵੱਡਾ ਝਟਕਾ ਲੱਗਿਆ ਹੈ। ਇਹ ਕਦਮ ਪੂਤਿਨ ਲਈ ਰਣਨੀਤਕ ਅਤੇ ਰਾਜਨੀਤਕ ਪੱਖੋਂ ਵੱਡਾ ਝਟਕਾ ਹੈ ਜੋ ਨਾਟੋ ਦੇ ਵਿਸਤਾਰ ’ਤੇ ਸਮੇਂ ਸਮੇਂ ’ਤੇ ਨਾਰਾਜ਼ਗੀ ਜਤਾਉਂਦਾ ਰਿਹਾ ਹੈ। ਫੌਜੀ ਗੱਠਜੋੜ ਦਾ ਕਹਿਣਾ ਹੈ ਕਿ ਇਸ ਤੋਂ ਮਾਸਕੋ ਨੂੰ ਕੋਈ ਖਤਰਾ ਨਹੀਂ ਹੈ। ਰੂਸ ਨੇ ਚਿਤਾਵਨੀ ਦਿੱਤੀ ਕਿ ਫਿਨਲੈਂਡ ਦੀ ਨਾਟੋ ਮੈਂਬਰੀ ਤੋਂ ਉਭਰੇ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਉਸ ਨੂੰ ਸੁਚਾਰੂ ਕਦਮ ਚੁੱਕਣੇ ਪੈਣਗੇ। ਮਾਸਕੋ ਨੇ ਇਹ ਵੀ ਕਿਹਾ ਕਿ ਜੇ ਨਾਟੋ ਆਪਣੇ 31ਵੇਂ ਮੈਂਬਰ ਦੇਸ਼ ਦੇ ਖੇਤਰ ’ਚ ਫੌਜ ਜਾਂ ਹੋਰ ਸਾਜ਼ੋ ਸਾਮਾਨ ਦੀ ਤਾਇਨਾਤੀ ਕਰਦਾ ਹੈ ਤਾਂ ਫਿਨਲੈਂਡ ਦੀ ਸਰਹੱਦ ਨੇੜੇ ਉਸ ਨੂੰ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਫਿਨਲੈਂਡ ਦੀ ਰੂਸ ਨਾਲ 1340 ਕਿਲੋਮੀਟਰ ਦੀ ਸਰਹੱਦ ਲਗਦੀ ਹੈ।
Total Views: 470 ,
Real Estate



















