ਸਸਤੀ ਬਿਜਲੀ ਸੌਦਾ: ਕੇਂਦਰ ਨੇ ਪੰਜਾਬ ਦੀ ਅਲਾਟਮੈਂਟ ਰੱਦ ਕਰ ਕੇ ਕਿਸੇ ਹੋਰ ਸੂਬੇ ਨਾਲ ਕੀਤਾ ਸਮਝੌਤਾ

ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਸਤੀ ਸੂਰਜੀ ਊਰਜਾ ਦਾ ਮੌਕਾ ਗੁਆ ਦਿੱਤਾ ਹੈ। ਜਦੋਂ ਪਾਵਰਕੌਮ ਨੇ ਵੇਲੇ ’ਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਕੇਂਦਰ ਨੇ ਇਹ ਬਿਜਲੀ ਅਲਾਟਮੈਂਟ ਰੱਦ ਕਰ ਕੇ ਕਿਸੇ ਹੋਰ ਸੂਬੇ ਨਾਲ ਬਿਜਲੀ ਖ਼ਰੀਦ ਸਮਝੌਤਾ ਕਰ ਲਿਆ। ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲ ਲਈ 2.61 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਣੀ ਸੀ। ਦੂਜੇ ਪਾਸੇ, ਪਾਵਰਕੌਮ ਇਨ੍ਹਾਂ ਦਿਨੀਂ ਵਪਾਰੀਆਂ ਰਾਹੀਂ ਥੋੜ੍ਹੇ ਸਮੇਂ ਦੇ ਟੈਂਡਰ ਨਾਲ ਕਰੀਬ ਅੱਠ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖ਼ਰੀਦ ਰਿਹਾ ਹੈ।
ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ 21 ਨਵੰਬਰ 2025 ਨੂੰ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਤੋਂ 300 ਮੈਗਾਵਾਟ ਸੂਰਜੀ ਊਰਜਾ ਖ਼ਰੀਦਣ ਬਾਰੇ ਪ੍ਰਵਾਨਗੀ ਦਿੱਤੀ ਸੀ। ਇਸ ਮਗਰੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 6 ਜੁਲਾਈ 2026 ਨੂੰ 250 ਮੈਗਾਵਾਟ ਦੀ ਖ਼ਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਪਾਵਰਕੌਮ ਨੂੰ ਲੋੜੀਂਦੇ ਪਾਵਰ ਸੇਲ ਐਗਰੀਮੈਂਟ ਅਤੇ ਪਾਵਰ ਖ਼ਰੀਦ ਸਮਝੌਤਿਆਂ ਨੂੰ ਜਲਦ ਤੋਂ ਜਲਦ ਅੰਤਿਮ ਰੂਪ ਦੇਣ ਦੇ ਹੁਕਮ ਦਿੱਤੇ। ਖ਼ਾਸ ਗੱਲ ਇਹ ਹੈ ਕਿ ਕਮਿਸ਼ਨ ਨੇ ਤਜਵੀਜ਼ ਖ਼ਰੀਦ ਨੂੰ ਜ਼ਰੂਰਤ ਅਤੇ ਵਾਜਬੀਅਤ ਦੇ ਮਾਪਦੰਡਾਂ ’ਤੇ ਵੀ ਢੁੱਕਵਾਂ ਮੰਨਿਆ ਸੀ।
ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਪਾਵਰਕੌਮ ਨੇ ਇਹ ਬਿਜਲੀ ਖ਼ਰੀਦ ਸਮਝੌਤਾ ਨਹੀਂ ਕੀਤਾ। ਸੋਲਰ ਕਾਰਪੋਰੇਸ਼ਨ ਆਫ ਇੰਡੀਆ ਨੇ 23 ਜੁਲਾਈ ਨੂੰ ਪਾਵਰਕੌਮ ਨੂੰ ਪੱਤਰ ਲਿਖ ਕੇ 28 ਜੁਲਾਈ ਤੱਕ ਪਾਵਰ ਸੇਲ ਐਗਰੀਮੈਂਟ ਕਰਨ ਲਈ ਕਿਹਾ। ਜਦੋਂ ਇਹ ਸਮਾਂ ਲੰਘ ਗਿਆ ਤਾਂ ਅਗਲੇ ਦਿਨ ਭਾਵ 29 ਜੁਲਾਈ ਨੂੰ ਪਾਵਰਕੌਮ ਨੇ ਸੋਲਰ ਕਾਰਪੋਰੇਸ਼ਨ ਨੂੰ ਪੱਤਰ ਲਿਖ ਕੇ ਜਵਾਬ ਦਿੱਤਾ ਕਿ ਹਾਲੇ ਬੋਰਡ ਆਫ ਡਾਇਰੈਕਟਰਜ਼ ਦੀ ਪ੍ਰਵਾਨਗੀ ਬਾਕੀ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਬੋਰਡ ਇਸ ਦੀ ਪ੍ਰਵਾਨਗੀ ਪਹਿਲਾਂ ਹੀ ਦੇ ਚੁੱਕਿਆ ਸੀ। ਇਸ ਮਗਰੋਂ ਪਾਵਰਕੌਮ ਨੇ ਕਾਰਪੋਰੇਸ਼ਨ ਨਾਲ ਕੋਈ ਰਾਬਤਾ ਨਹੀਂ ਕੀਤਾ।
ਅਖੀਰ, ਸੋਲਰ ਕਾਰਪੋਰੇਸ਼ਨ ਆਫ ਇੰਡੀਆ ਨੇ 20 ਅਗਸਤ ਨੂੰ ਪਾਵਰਕੌਮ ਨੂੰ ਸੂਚਨਾ ਭੇਜ ਦਿੱਤੀ ਕਿ ਕੋਈ ਹੁੰਗਾਰਾ ਨਾ ਮਿਲਣ ਕਾਰਨ ਹੁਣ 250 ਮੈਗਾਵਾਟ ਸੂਰਜੀ ਊਰਜਾ ਕਿਸੇ ਹੋਰ ਖ਼ਰੀਦਦਾਰ ਸੂਬੇ ਨੂੰ ਦੇ ਦਿੱਤੀ ਗਈ ਹੈ। ਕਾਰਪੋਰੇਸ਼ਨ ਵੱਲੋਂ ਪਾਵਰਕੌਮ ਨੂੰ ਇਹ ਸਸਤੀ ਸੂਰਜੀ ਊਰਜਾ ‘ਮੈਨੂਫੈਕਚਰਿੰਗ-ਲਿੰਕਡ ਸਕੀਮ’ ਤਹਿਤ ਦਿੱਤੀ ਜਾਣੀ ਸੀ।

Total Views: 2 ,
Real Estate