‘ਲਾਰੈਂਸ ਜੇ ਤੂੰ ਇੰਨਾ ਤਾਕਤਵਰ ਹੈਂ ਤਾਂ ਕਿਤੇ ਮੈਨੂੰ ਇਕੱਲਾ ਟੱਕਰ ਕੇ ਦੇਖ ਲਈਂ, ਸ਼ੁੱਭਦੀਪ ਨਾਲੋਂ ਤਕੜੀ ਟੱਕਰ ਦੇ ਕੇ ਜਾਵਾਂਗਾ’-ਬਲਕੌਰ ਸਿੰਘ ਸਿੱਧੂ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਸੀਂ ਆਪਣੇ ਪੁੱਤ ਲਈ ਇਨਸਾਫ ਮੰਗ ਰਹੇ ਹਾਂ ਪਰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿਹੜੇ ਦੋਸ਼ੀ ਹਨ ਉਨ੍ਹਾਂ ਦੀਆਂ ਵੀਡੀਓ ਅਤੇ ਇੰਟਰਵਿਊ ਜੇਲ੍ਹ ਵਿਚੋਂ ਕਿਵੇਂ ਹੋ ਰਹੀਆਂ ਹਨ?ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਮੇਰੀ ਸਕਿਊਰਿਟੀ ਅੱਜ ਹੀ ਵਾਪਸ ਕਰ ਦਿਓ। ਮੈਂ 57 ਸਾਲ ਦਾ ਹੋ ਗਿਆ ਹਾਂ। ਲਾਰੈਂਸ, ਜੇ ਤੂੰ ਇੰਨਾ ਤਾਕਤਵਰ ਹੈਂ ਤਾਂ ਕਿਤੇ ਮੈਨੂੰ ਇਕੱਲਾ ਟੱਕਰ ਕੇ ਦੇਖ ਲਈਂ, ਸ਼ੁੱਭਦੀਪ ਨਾਲੋਂ ਤਕੜੀ ਟੱਕਰ ਦੇ ਕੇ ਜਾਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਵਾਅਦੇ ਨਾਲ ਇਹ ਗੱਲ ਕਹਿੰਦਾ ਕਿ ਜੇ ਮੈਂ ਤੇਰੇ ਅੱਗੇ ਗੋਡੇ ਟੇਕ ਜਾਵਾਂ ਤਾਂ ਮੇਰੀ ਲਾਸ਼ ਨੂੰ ਠੁੱਡਾ ਮਾਰ ਕੇ ਜਾਇਓ।
ਬਲਕੌਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਦਾ ਡੀਐਨਏ ਸਾਡੇ ਵਿੱਚ ਹੈ। ਦਸਵੇਂ ਪਿਤਾ ਦੇ ਬੱਚੇ ਹੋਣ ਕਰ ਕੇ ਅਸੀਂ ਜ਼ਾਲਮਾਂ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚੇ ਸਿੱਧੂ ਲਈ ਇਨਸਾਫ ਲੈ ਕੇ ਰਹਾਂਗੇ। ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਨੇ ਇੰਟਰਵਿਊ ‘ਚ ਸਿੱਧੇ ਤੌਰ ‘ਤੇ ਕਿਹਾ ਹੈ ਕਿ ਉਹ ਸਲਮਾਨ ਖਾਨ ਨੂੰ ਖੁਦ ਸਜ਼ਾ ਦੇਵੇਗਾ। ਉਹ ਅਦਾਲਤੀ ਪ੍ਰਣਾਲੀ ਨੂੰ ਨਹੀਂ ਸਮਝਦਾ। ਉਸ ਨੂੰ ਕਾਨੂੰਨ ਅਤੇ ਅਦਾਲਤ ਦਾ ਕੋਈ ਡਰ ਨਹੀਂ ਹੈ। ਲਾਰੈਂਸ ਬੜੇ ਆਰਾਮ ਨਾਲ ਇੰਟਰਵਿਊ ਦਿੰਦੇ ਹੋਏ ਮੂਸੇਵਾਲਾ ਦੀ ਮੌਤ ਦਾ ਮਜ਼ਾਕ ਉਡਾ ਰਿਹਾ ਸੀ।ਪਿਛਲੇ 1 ਸਾਲ ਤੋਂ ਉਹ ਹਰ ਐਤਵਾਰ ਆਪਣੇ ਸਮਰਥਕਾਂ ਨਾਲ ਆਪਣੇ ਘਰ ਬੇਟੇ ਦੀ ਮੌਤ ‘ਤੇ ਸੋਗ ਮਨਾਉਂਦੇ ਹਨ ਅਤੇ ਲਾਰੈਂਸ ਇਹ ਕਹਿ ਰਿਹਾ ਹੈ ਕਿ ਉਹ ਰੈਲੀਆਂ ਕੱਢ ਰਹੇ ਹਨ ਕਿ ਉਹ ਐਮਪੀ ਬਣਨਾ ਚਾਹੁੰਦੇ ਹਨ। ਸਰਕਾਰ ਹਰ ਮਾਮਲੇ ਵਿੱਚ ਕਮੇਟੀ ਬਣਾ ਕੇ ਮਾਮਲੇ ਨੂੰ ਦਬਾਉਂਦੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪੁੱਤਰ ਸਰਕਾਰ ਨੂੰ 2 ਕਰੋੜ ਦਾ ਟੈਕਸ ਅਦਾ ਕਰਦਾ ਰਿਹਾ ਸੀ, ਪਰ ਉਸ ਨੂੰ ਸਰਕਾਰ ਤੋਂ ਬਚਾਇਆ ਨਹੀਂ ਜਾ ਸਕਿਆ।

Total Views: 218 ,
Real Estate