ਇਮਰਾਨ ਖਾਨ ਦੀ ਗ੍ਰਿਫ਼ਤਾਰੀ ਲਈ ਫਿਰ ਪੁੱਜੀ ਪੁਲੀਸ


ਇਮਾਰਨ ਦੇ ਸਮਰਥਕਾਂ ਤੇ ਪੁਲੀਸ ਵਿਚਾਲੇ ਝੜਪ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋਸ਼ਾਖਾਨਾ ਕੇਸ ਵਿਚ ਗ੍ਰਿਫ਼ਤਾਰ ਕਰਨ ਦੇ ਮੰਤਵ ਨਾਲ ਅੱਜ ਪੁਲੀਸ ਵੱਡੀ ਗਿਣਤੀ ’ਚ ਉਨ੍ਹਾਂ ਦੀ ਲਾਹੌਰ ਸਥਿਤ ਰਿਹਾਇਸ਼ ਉਤੇ ਪਹੁੰਚ ਗਈ ਹੈ। ਪੁਲੀਸ ਨੇ ਇਮਰਾਨ ਦੀ ਰਿਹਾਇਸ਼ ਨੂੰ ਘੇਰਾ ਪਾ ਲਿਆ ਹੈ ਤੇ ਉੱਥੇ ਉਨ੍ਹਾਂ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਸਮਰਥਕਾਂ ਨਾਲ ਝੜਪ ਵੀ ਹੋਈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਮਰਥਕਾਂ ਨੂੰ ਆਪਣੇ ਹੱਕਾਂ ਲਈ ਖੜ੍ਹਨ ਦਾ ਸੱਦਾ ਦਿੱਤਾ ਹੈ। ਪੀਟੀਆਈ ਆਗੂ ਨੇ ਕਿਹਾ ਕਿ ‘ਉਹ (ਇਮਰਾਨ) ਭਾਵੇਂ ਮਾਰੇ ਜਾਣ ਜਾਂ ਗ੍ਰਿਫ਼ਤਾਰ ਹੋ ਜਾਣ, ਪਾਰਟੀ ਸੰਘਰਸ਼ ਜਾਰੀ ਰੱਖੇ।’ ਇਮਰਾਨ ਖਾਨ ਦੇ ਘਰ ਲਾਗੇ ਇਕੱਠੇ ਹੋਏ ਸਮਰਥਕਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਜ ਅੱਥਰੂ ਗੈਸ ਤੇ ਜਲ ਤੋਪਾਂ ਦੀ ਵਰਤੋਂ ਕੀਤੀ।
ਪਾਰਟੀ ਵਰਕਰਾਂ ਨੇ ਇਸ ਦੌਰਾਨ ਪੁਲੀਸ ਵੱਲ ਪੱਥਰ ਵੀ ਸੁੱਟੇ। ਇਮਰਾਨ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ, ‘ਇਹ ਲੜਾਈ ਉਹ ਉਨ੍ਹਾਂ ਲਈ ਲੜ ਰਹੇ ਹਨ, ਤੇ ਲੜਦੇ ਰਹਿਣਗੇ।’ ਇਮਰਾਨ ਨੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਲੋਕ ਇਨ੍ਹਾਂ ਚੋਰਾਂ ਦੀ ਗ਼ੁਲਾਮੀ ਨੂੰ ਸਵੀਕਾਰ ਨਾ ਕਰਨ।’ ਇਮਰਾਨ ਵੱਲੋਂ ਸਮਰਥਕਾਂ ਨੂੰ ਦਿੱਤੇ ਸੱਦੇ ਤੋਂ ਬਾਅਦ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਪੁਲੀਸ ਵੱਲੋਂ ਹਾਲਾਂਕਿ ਸਖ਼ਤੀ ਵਰਤਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸਲਾਮਾਬਾਦ ਪੁਲੀਸ ਵੱਲੋਂ ਤੋਸ਼ਾਖਾਨਾ ਕੇਸ ਵਿਚ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲੀਸ ਨੇ ਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਦੇ ਘਰ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ। ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਨੇ ਰਸਤਿਆਂ ਵਿਚ ਕੰਟੇਨਰ ਰੱਖ ਦਿੱਤੇ ਹਨ ਦੇ ਦੰਗਾ-ਫਸਾਦ ਰੋਕਣ ਲਈ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਗਏ ਹਨ। ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਪੀਟੀਆਈ ਵਰਕਰ ਇਮਰਾਨ ਦੀ ਰਿਹਾਇਸ਼ ਅੱਗੇ ਜਮ੍ਹਾਂ ਹਨ। ਪੀਟੀਆਈ ਦੇ ਸੀਨੀਅਰ ਆਗੂ ਫਾਰੂਖ ਹਬੀਬ ਨੇ ਮੀਡੀਆ ਨੂੰ ਕਿਹਾ ਕਿ, ‘ਜੋ ਮਰਜ਼ੀ ਹੋ ਜਾਵੇ, ਇਮਰਾਨ ਖਾਨ ਝੂਠੇ ਕੇਸਾਂ ਵਿਚ ਪੁਲੀਸ ਅੱਗੇ ਸਮਰਪਣ ਨਹੀਂ ਕਰਨਗੇ।’ ਦੱਸਣਯੋਗ ਹੈ ਕਿ ਸੋਮਵਾਰ ਲਾਹੌਰ ਪੁਲੀਸ ਨੇ ਇਕ ਪੀਟੀਆਈ ਵਰਕਰ ਦੀ ਹੱਤਿਆ ਦੇ ਕੇਸ ਵਿਚ ਇਮਰਾਨ ਖਾਨ ਤੇ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਐਫਆਈਆਰ ਦੇ ਅਧਾਰ ’ਤੇ ਖਾਨ ਤੇ ਹੋਰਾਂ ਨੂੰ ਪੁਲੀਸ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਪੀਟੀਆਈ ਦਾ ਕਹਿਣਾ ਹੈ ਕਿ ਪਾਰਟੀ ਵਰਕਰ ਦੀ ਮੌਤ ਪੁਲੀਸ ਤਸ਼ੱਦਦ ਕਾਰਨ ਹੋਈ ਹੈ।

Total Views: 86 ,
Real Estate