ਇੰਗਲੈਂਡ : ਹਜ਼ਾਰਾਂ ਜੂਨੀਅਰ ਡਾਕਟਰ ਤਿੰਨ ਦਿਨਾਂ ਹੜਤਾਲ ’ਤੇ

ਬਰਤਾਨੀਆ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਜੂਨੀਅਰ ਡਾਕਟਰ ਤਨਖ਼ਾਹ ਵਿੱਚ ਵਾਧੇ ਦੀ ਮੰਗ ਲਈ ਤਿੰਨ ਦਿਨਾ ’ਤੇ ਚਲੇ ਗਏ ਹਨ। ਜੂਨੀਅਰ ਡਾਕਟਰ ਐੱਨਐੱਚਐੱਸ ਡਾਕਟਰਾਂ ਦਾ 45 ਫ਼ੀਸਦੀ ਬਣਦੇ ਹਨ।ਡਾਕਟਰਾਂ ਦੀ ਟਰੇਡ ਯੂਨੀਅਨ ‘ਦਿ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ’ ਨੇ ਕਿਹਾ ਕਿ ਜੂਨੀਅਰ ਡਾਕਟਰਾਂ ਦੀ ਤਨਖ਼ਾਹ 2008 ਤੋਂ 26 ਫ਼ੀਸਦੀ ਘਟੀ ਹੈ, ਜਦਕਿ ਕੰਮ ਦਾ ਬੋਝ ਅਤੇ ਮਰੀਜ਼ਾਂ ਦੀ ਗਿਣਤੀ ਕਈ ਗੁਣਾ ਵਧੀ ਹੈ। ਯੂਨੀਅਨ ਅਨੁਸਾਰ ਬਰਤਾਨੀਆ ਵਿੱਚ ਰਹਿਣ-ਸਹਿਣ ਦੇ ਖ਼ਰਚਿਆਂ ’ਚ ਵਾਧਾ ਡਾਕਟਰਾਂ ਨੂੰ ਜਨਤਕ ਸਿਹਤ ਸੇਵਾਵਾਂ ਤੋਂ ਦੂਰ ਕਰ ਰਿਹਾ ਹੈ। ਯੂਨੀਅਨ ਨੇ ਕਿਹਾ ਕਿ ਨਵੇਂ ਯੋਗਤਾ ਪ੍ਰਾਪਤ ਡਾਕਟਰ ਸਿਰਫ਼ 14.09 ਪੌਂਡ (17 ਅਮਰੀਕੀ ਡਾਲਰ) ਪ੍ਰਤੀ ਘੰਟਾ ਕਮਾਉਂਦੇ ਹਨ।
ਐੱਨਐੱਚਐੱਸ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ ਸਟੀਫ਼ਨ ਪੋਵਿਸ ਨੇ ਕਿਹਾ ਕਿ ਇਸ ਹਫ਼ਤੇ 72 ਘੰਟਿਆਂ ਦੀ ਇਸ ਹੜਤਾਲ ਦਾ ਸਭ ਤੋਂ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ, ਜੋ ਸਿਹਤ ਸੇਵਾਵਾਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨ ਦਾ ਕਾਰਨ ਬਣੇਗੀ। ਉਨ੍ਹਾਂ ਕਿਹਾ ਕਿ ਕੁੱਝ ਅਪਰੇਸ਼ਨਾਂ ਸਮੇਤ ਕੈਂਸਰ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਜੂਨੀਅਰ ਡਾਕਟਰਾਂ ਦੀ ਯੂਨੀਅਨ ਸਰਕਾਰ ਦਾ ਸਾਥ ਨਹੀਂ ਦੇ ਰਹੀ ਹੈ। ਡਾਕਟਰਾਂ ਦੀ ਯੂਨੀਅਨ ਨੇ ਕਿਹਾ ਕਿ ਅਧਿਕਾਰੀਆਂ ਨੇ ਮਹੀਨਿਆਂ ਤੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹਾਲ ਹੀ ਵਿੱਚ ਗੱਲਬਾਤ ਦਾ ਸੱਦਾ ਵੀ ‘ਅਸਵੀਕਾਰਨਯੋਗ’ ਸ਼ਰਤਾਂ ਨਾਲ ਆਇਆ ਸੀ।
Total Views: 378 ,
Real Estate