
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਤਨੀ ਅੰਮ੍ਰਿਤਾ ਵੜਿੰਗ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਪਿੜ ‘ਚ ਨਿੱਤਰਨ ਦੇ ਸੰਕੇਤ ਹਨ। ਸਿਆਸੀ ਖੇਤਰ ‘ਚ ਨਵੇਂ ਚਿਹਰੇ ਬੀਬਾ ਵੜਿੰਗ ਵਧੀਆ ਬੁਲਾਰੇ ਹਨ ਅਤੇ ਉਹ ਕਾਂਗਰਸ ਤਰਫ਼ੋਂ ਪਹਿਲੀ ਵਾਰ ਚੋਣਾਂ ‘ਚ ਹੱਥ ਅਜ਼ਮਾਉਣਗੇ। ਹੁਣ ਉਹ ਲਗਾਤਾਰ ਬਠਿੰਡਾ ਹਲਕੇ ‘ਚ ਸਰਗਰਮ ਹਨ। ਸ੍ਰੀਮਤੀ ਵੜਿੰਗ ‘ਭਾਰਤ ਜੋੜੋ ਯਾਤਰਾ’, ‘ਤਿਰੰਗਾ ਯਾਤਰਾ’ ਵਰਗੀਆਂ ਮੁਹਿੰਮਾਂ ਦੀ ਹਲਕੇ ‘ਚ ਅਗਵਾਈ ਕਰ ਚੁੱਕੇ ਹਨ। ਭਲਕੇ 4 ਮਾਰਚ ਨੂੰ ਬਠਿੰਡਾ ‘ਚ ਕਾਂਗਰਸ ਦੀ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਦੀ ਪ੍ਰਤੀਨਿਧਤਾ ਵੀ ਉਹ ਕਰ ਰਹੇ ਹਨ । ਬਠਿੰਡਾ ਲੋਕ ਸਭਾ ਹਲਕੇ ‘ਚ ਆਉਂਦੇ ਵਿਧਾਨ ਸਭਾ ਹਲਕਿਆਂ ‘ਚ ਉਨ੍ਹਾਂ ਦੀਆਂ ਲਗਾਤਾਰ ਸਰਗਰਮੀਆਂ ਇਸ ਗੱਲ ਨੂੰ ਹੋਰ ਪੁਖ਼ਤਾ ਕਰਦੀਆਂ ਹਨ। ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਚੋਣ ਲੜਨੀ ਲਗਪਗ ਤੈਅ ਮੰਨੀ ਜਾ ਰਹੀ ਹੈ।
ਭਾਜਪਾ ਅਤੇ ‘ਆਪ’ ਦੇ ਚਿਹਰਿਆਂ ਬਾਰੇ ਹਾਲੇ ਕੋਈ ਸਪਸ਼ਟਤਾ ਨਹੀਂ। ਮਨਪ੍ਰੀਤ ਸਿੰਘ ਬਾਦਲ ਭਾਜਪਾ ਕੋਲ ਭਾਵੇਂ ਵੱਡਾ ਚਿਹਰਾ ਹਨ ਪਰ ਉਹ ਸਰਗਰਮ ਨਹੀਂ, ਫਿਲਹਾਲ ਬਾਕੀ ਪਾਰਟੀਆਂ ਚੁੱਪ ਹਨ।



















