ਪੰਜਾਬੀਆਂ ਲਈ ਖੁਸ਼ਖਬਰੀ: ਟੋਰਾਂਟੋ ਅਤੇ ਨਿਉਯਾਰਕ ਤੋਂ ਅੰਮ੍ਰਿਤਸਰ ਲਈ 6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਨਿਓਸ ਏਅਰ ਦੀਆਂ ਉਡਾਣਾਂ

ਮਾਰਚ 2, 2023:(PNO)ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਜਾਂਦੇ ਹਨ, ਉਹਨਾਂ ਲਈ ਹਵਾਈ ਸਫਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਹਨਾਂ ਲਈ ਚੰਗੀ ਖ਼ਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਤੱਕ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਰਾਂਹੀ ਜੋੜਨ ਜਾ ਰਹੀ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਨਵੀ ਉਡਾਣ ਦੇ ਸ਼ੁਰੂ ਹੋਣ ਨਾਲ ਟੋਰਾਂਟੋ ਲਈ ਯਾਤਰੀਆਂ ਨੂੰ ਰਾਹਤ ਮਿਲੇਗੀ।

ਨਿਓਸ ਦੁਆਰਾ ਆਪਣੀ ਵੈਬਸਾਈਟ ‘ਤੇ ਉਪਲਬਧ ਸਮਾਂਸੂਚੀ ਅਨੁਸਾਰ, ਏਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਲਈ ਹਫਤੇ ਵਿੱਚ ਇੱਕ ਦਿਨ ਉਡਾਣ ਦਾ ਸੰਚਾਲਨ ਕਰੇਗੀ। ਇਹ ਉਡਾਣ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਇੱਥੇ ਯਾਤਰੀ ਲਗਭਗ 4 ਘੰਟੇ 10 ਮਿੰਟ ਰੁਕਣਗੇ, ਫਿਰ ਉਡਾਣ ਮਿਲਾਨ ਤੋਂ ਦੁਪਹਿਰ 12:30 ਵਜੇ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ।

ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਇਹ ਉਡਾਣ ਫਿਰ ਵਾਪਸੀ ਲਈ ਹਰ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 6:50 ਵਜੇ ਮਿਲਾਨ ਪਹੁੰਚੇਗੀ। ਉੱਥੋਂ ਫਿਰ ਸਵੇਰੇ 10 ਵਜੇ ਰਵਾਨਾ ਹੋ ਕੇ ਉਸੇ ਦਿਨ ਸ਼ੁੱਕਰਵਾਰ ਰਾਤ 9:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਲਈ ਰੁਕਣਗੇ। ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫਰ ਸਿਰਫ 18 ਘੰਟੇ 45 ਮਿੰਟ ਅਤੇ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਦੂਰੀ 21 ਘੰਟੇ 15 ਮਿੰਟ ਵਿੱਚ ਪੂਰੀ ਕੀਤੀ ਜਾਵੇਗੀ। ਏਅਰਲਾਈਨ ਇਨ੍ਹਾਂ ਉਡਾਣਾਂ ਲਈ ਆਪਣੇ 359 ਸੀਟਾਂ ਵਾਲੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕਰੇਗੀ।

Total Views: 237 ,
Real Estate