
ਬਰਤਾਨੀਆ ‘ਚ ਫਲਾਂ ਅਤੇ ਸਬਜ਼ੀਆਂ ਦੀ ਘਾਟ ਪੈ ਗਈ ਹੈ। ਸੁਪਰਮਾਰਕੀਟਾਂ ਵਿਚ ਹੱਦ ਤੈਅ ਕਰ ਦਿਤੀ ਗਈ ਹੈ ਕਿ ਤੁਸੀਂ ਜ਼ਿਆਦਾ ਮਾਤਰਾ ’ਚ ਆਲੂ, ਟਮਾਟਰ ਵਰਗੀਆਂ ਚੀਜ਼ਾਂ ਨਹੀਂ ਖ਼ਰੀਦ ਸਕਦੇ। ਬ੍ਰਿਟੇਨ ਦੀ ਸੱਭ ਤੋਂ ਵੱਡੀ ਸੁਪਰਮਾਰਕੀਟ ਵਿਚ 2 ਤੋਂ ਵੱਧ ਆਲੂ ਜਾਂ ਟਮਾਟਰ ਨਹੀਂ ਖ਼ਰੀਦ ਸਕਦੇ। ਯੂਕੇ ਵਿਚ ਸੁਪਰਮਾਰਕੀਟ ਦੀਆਂ ਅਲਮਾਰੀਆਂ ਖ਼ਾਲੀ ਹਨ। ਇਹ ਯੂਕੇ ਦੇ ਕਿਸੇ ਇਕ ਸੁਪਰਮਾਰਕੀਟ ਦਾ ਮਾਮਲਾ ਨਹੀਂ ਹੈ, ਬਲਕਿ ਲਗਭਗ ਸਾਰੇ ਦੇਸ਼ ਦਾ ਹੈ। ਬ੍ਰਿਟੇਨ ਦੀ ਅਰਥਵਿਵਸਥਾ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਇਸ ਦੇ ਨਾਲ ਹੀ ਮਹਿੰਗਾਈ ਵੀ ਅਪਣੇ ਸਿਖਰ ’ਤੇ ਹੈ। ਇਸ ਦੌਰਾਨ ਹੁਣ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਚਿੰਤਾਜਨਕ ਹੈ। ਬ੍ਰਿਟੇਨ ਦੀਆਂ 4 ਸੱਭ ਤੋਂ ਵੱਡੀਆਂ ਸੁਪਰਮਾਰਕੀਟਾਂ ਮੋਰੀਸਨ, ਐਸਡਾ, ਐਲਡੀ ਅਤੇ ਟੈਸਕੋ ਨੇ ਤਾਜ਼ੇ ਫਲਾਂ ਅਤੇ ਸਬਜ਼ੀਆਂ ’ਤੇ ਸੀਮਾਵਾਂ ਨਿਰਧਾਰਤ ਕੀਤੀਆਂ ਹਨ। ਇਨ੍ਹਾਂ ਵਿਚ ਫਲ ਅਤੇ ਸਬਜ਼ੀਆਂ ਜਿਵੇਂ ਕਿ ਟਮਾਟਰ, ਆਲੂ, ਖੀਰੇ, ਸ਼ਿਮਲਾ ਮਿਰਚ ਅਤੇ ਬਰੌਕਲੀ ਸ਼ਾਮਲ ਹਨ। ਜੇਕਰ ਕੋਈ ਵਿਅਕਤੀ ਟਮਾਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਸਿਰਫ਼ 2 ਤੋਂ 3 ਟਮਾਟਰ ਹੀ ਖ਼ਰੀਦ ਸਕਦਾ ਹੈ ਨਾ ਕਿ ਇਕ ਕਿੱਲੋ।



















