ਮੁੱਖ ਮੰਤਰੀ ਮਾਨ ਤੇ ਰਾਜਪਾਲ ’ਚ ਬਣਿਆ ਟਕਰਾਅ, ਰਾਜਪਾਲ ਵੱਲੋਂ ਬਜਟ ਸੈਸ਼ਨ ਬਾਰੇ ਫ਼ੌਰੀ ਫ਼ੈਸਲਾ ਲੈਣ ਤੋਂ ਨਾਂਹ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਗਾਮੀ ਬਜਟ ਸੈਸ਼ਨ ਦੀ ਪ੍ਰਵਾਨਗੀ ਦੇਣ ਬਾਰੇ ਫ਼ੌਰੀ ਫ਼ੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਕੈਬਨਿਟ ਨੇ 21 ਫਰਵਰੀ ਨੂੰ ਮੀਟਿੰਗ ਕਰਕੇ ਬਜਟ ਸੈਸ਼ਨ 3 ਮਾਰਚ ਤੋਂ 24 ਮਾਰਚ ਤੱਕ ਸੱਦੇ ਜਾਣ ਦੀ ਸਿਫ਼ਾਰਸ਼ ਕੀਤੀ ਸੀ ਅਤੇ ਇਸ ਨੂੰ ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਿਆ ਸੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਕਿ ਉਹ ਮੁੱਖ ਮੰਤਰੀ ਵੱਲੋਂ ਕੀਤੇ ‘ਅਪਮਾਨਜਨਕ’ ਟਵੀਟ ਅਤੇ 14 ਫਰਵਰੀ ਨੂੰ ਲਿਖੇ ਪੱਤਰ ’ਤੇ ਪਹਿਲਾਂ ਕਾਨੂੰਨੀ ਸਲਾਹ ਲੈਣਗੇ ਅਤੇ ਉਸ ਪਿੱਛੋਂ ਬਜਟ ਸੈਸ਼ਨ ਸੱਦਣ ਬਾਰੇ ਫ਼ੈਸਲਾ ਲਿਆ ਜਾਵੇਗਾ। ਰਾਜਪਾਲ ਨੇ ਬਜਟ ਇਜਲਾਸ ਦੀ ਪ੍ਰਵਾਨਗੀ ਤੋਂ ਪਹਿਲਾਂ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਮੰਗਿਆ ਹੈ। ਪਤਾ ਲੱਗਾ ਹੈ ਕਿ ਰਾਜ ਭਵਨ ਨੇ ਮੁੱਖ ਮੰਤਰੀ ਵੱਲੋਂ ਕੀਤੇ ਟਵੀਟ ਨੂੰ ਰਿਕਾਰਡ ’ਤੇ ਲਿਆ ਕੇ ਰਾਜਪਾਲ ਅੱਗੇ ਰੱਖਿਆ ਹੈ। ਚੇਤੇ ਰਹੇ ਕਿ ਰਾਜਪਾਲ ਵੱਲੋਂ 13 ਫਰਵਰੀ ਨੂੰ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੋਣ ਤੇ ਖ਼ਰਚੇ ਬਾਰੇ, ਦਲਿਤ ਬੱਚਿਆਂ ਦੇ ਵਜ਼ੀਫ਼ੇ, ਇਨਫੋਟੈੱਕ ਦੇ ਚੇਅਰਮੈਨ, ਖੇਤੀ ’ਵਰਸਿਟੀ ਦੇ ਵੀਸੀ ਅਤੇ ਆਈਪੀਐੱਸ ਕੁਲਦੀਪ ਚਾਹਿਲ ਆਦਿ ਬਾਰੇ ਹਵਾਲਾ ਦਿੱਤਾ ਗਿਆ ਸੀ ਅਤੇ ਪਿਛਲੇ ਸਮੇਂ ’ਚ ਇਨ੍ਹਾਂ ਬਾਰੇ ਲਿਖੇ ਪੱਤਰਾਂ ਦਾ ਜਵਾਬ ਨਾ ਦਿੱਤੇ ਜਾਣ ਦਾ ਮੁੱਦਾ ਉਠਾਇਆ ਸੀ।

Total Views: 399 ,
Real Estate