
ਦੁਨੀਆਂ ਦੇ ਕਈ ਦੇਸ਼ਾਂ ਵਿੱਚ ਚੀਨ ਵੱਲੋਂ ਸ਼ੱਕੀ ਜਾਸੂਸੀ ਬੁਲਬੁਲੇ ਭੇਜੇ ਜਾਣ ਸਬੰਧੀ ਅਮਰੀਕਾ ਦੇ ਦੋਸ਼ਾਂ ਵਿਚਾਲੇ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਕ ਗੁਬਾਰਾ ਉਸ ਦੇ ਇਕ ਦੀਪ ’ਤੇ ਮਿਲਿਆ। ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਗੁਬਾਰੇ ਵਿੱਚ ਚੀਨ ਦੇ ਤਾਇਯੁਆਨ ਸ਼ਹਿਰ ਵਿਚਲੀ ਇਕ ਸਰਕਾਰੀ ਇਲੈਕਟ੍ਰੌਨਿਕ ਕੰਪਨੀ ਦਾ ਰਜਿਸਟਰਡ ਉਪਕਰਨ ਹੈ। ਇਹ ਗੁਬਾਰਾ ਮਤਸੂ ਦੀਪ ਦੇ ਤੁੰਗਯਿਨ ਵਿੱਚ ਚੀਨ ਦੇ ਫੁਜੀਆਨ ਪ੍ਰਾਂਤ ਦੇ ਤੱਟ ਕੋਲ ਮਿਲਿਆ ਹੈ। 1949 ਵਿੱਚ ਚੀਨ ਤੋਂ ਵੱਖ ਹੋਣ ਦੇ ਬਾਅਦ ਤੋਂ ਤਾਇਵਾਨ ਨੇ ਦੀਪਾਂ ’ਤੇ ਆਪਣਾ ਕੰਟਰੋਲ ਕਾਇਮ ਰੱਖਿਆ ਹੋਇਆ ਹੈ ਅਤੇ ਜੇਕਰ ਚੀਨ ਤਾਇਵਾਨ ਨੂੰ ਆਪਣੇ ਅਧੀਨ ਲਿਆਉਣ ਲਈ ਹਮਲਾ ਕਰਦਾ ਹੈ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਦੀਪ ਪਹਿਲੀ ਰੱਖਿਆ ਲਾਈਨ ਦਾ ਕੰਮ ਕਰਨਗੇ। ਮੰਤਰਾਲੇ ਨੇ ਕਿਹਾ ਕਿ ਰਿਪੋਰਟ ਵਿੱਚ ਜਿਸ ‘ਤਾਇਯੁਆਨ ਵਾਇਰਲੈੱਸ’ (ਰੇਡੀਓ) ਫਰਸਟ ਫੈਕਟਰੀ ਲਿਮਿਟਡ ਦੀ ਪਛਾਣ ਕੀਤੀ ਗਈ ਹੈ, ਉਸ ਦੇ ਇਕ ਤਰਜਮਾਨ ਲਿਊ ਨੇ ਫੋਨ ’ਤੇ ਦੱਸਿਆ ਕਿ ਕੰਪਨੀ ਨੇ ਇਲੈਕਟ੍ਰੌਨਿਕ ਉਪਕਰਨ ਮੁਹੱਈਆ ਕਰਵਾਏ ਹਨ ਪਰ ਉਸ ਨੇ ਗੁਬਾਰਾ ਨਹੀਂ ਬਣਾਇਆ ਹੈ। ਤਰਜਮਾਨ ਨੇ ਸਿਰਫ ਆਪਣਾ ਉਪਨਾਮ ਦੱਸਿਆ। ਲਿਊ ਨੇ ਕਿਹਾ ਕਿ ਤਾਇਯੁਆਨ ਚੀਨ ਦੇ ਮੌਸਮ ਵਿਗਿਆਨ ਵਿਭਾਗ ਨੂੰ ਉਪਕਰਨ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਗੁਬਾਰਾ ਸੰਭਾਵੀ ਤੌਰ ’ਤੇ ਮੌਸਮ ਦੀ ਨਿਗਰਾਨੀ ਲਈ ਰੋਜ਼ਾਨਾ ਛੱਡੇ ਜਾਣ ਵਾਲੇ ਗੁਬਾਰਿਆਂ ਦਾ ਹਿੱਸਾ ਸੀ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਅਣਪਛਾਤੀਆਂ ਉੱਡਣ ਵਾਲੀਆਂ ਵਸਤਾਂ ਦਾ ਪਤਾ ਲਾਉਣ, ਉਨ੍ਹਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਮਾਰ ਡੇਗਣ ਸਬੰਧੀ ਸਖਤ ਨਿਯਮ ਬਣਾਏ ਜਾ ਰਹੇ ਹਨ।















