
ਉੱਤਰਾਖੰਡ ਦੇ ਜੋਸ਼ੀਮੱਠ ਕਸਬੇ ’ਚ ਹੋਰ ਵੀ ਕਈ ਘਰਾਂ, ਇਮਾਰਤਾਂ ਤੇ ਸੜਕਾਂ ’ਤੇ ਤਰੇੜਾਂ ਦਿਖਾਈ ਦਿੱਤੀਆਂ ਹਨ । ਆਫਤ ਪ੍ਰਬੰਧਨ ਅਥਾਰਿਟੀ, ਚਮੋਲੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੋਸ਼ੀਮੱਠ ’ਚ 68 ਹੋਰ ਘਰਾਂ ’ਚ ਤਰੇੜਾਂ ਦੇਖੀਆਂ ਗਈਆਂ ਜਿਸ ਮਗਰੋਂ ਜ਼ਮੀਨ ਧਸਣ ਕਾਰਨ ਪ੍ਰਭਾਵਿਤ ਘਰਾਂ ਦੀ ਗਿਣਤੀ 678 ਹੋ ਗਈ ਹੈ। 27 ਹੋਰ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਹੁਣ ਤੱਕ 82 ਪਰਿਵਾਰਾਂ ਨੂੰ ਸੁਰੱਖਿਅਤ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਮੁੱਖ ਸਕੱਤਰ ਸੰਧੂ ਨੇ ਜੋਸ਼ੀਮੱਠ ਵਿਚਲੇ ਹਾਲਾਤ ਦੀ ਸਮੀਖਿਆ ਲਈ ਸੂਬਾ ਸਕੱਤਰੇਤ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਲੋਕਾਂ ਨੂੰ ਘਰਾਂ ਤੋਂ ਕੱਢਣ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਉਹ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ, ‘ਇੱਕ-ਇੱਕ ਮਿੰਟ ਅਹਿਮ ਹੈ।’ ਜ਼ਿਲ੍ਹਾ ਪ੍ਰਸ਼ਾਸਨ ਨੇ ਅਸੁਰੱਖਿਅਤ 200 ਤੋਂ ਵੱਧ ਘਰਾਂ ’ਤੇ ਲਾਲ ਨਿਸ਼ਾਨ ਲਗਾ ਦਿੱਤਾ ਹੈ। ਇਨ੍ਹਾਂ ਘਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਜਾਂ ਤਾਂ ਆਰਜ਼ੀ ਰਾਹਤ ਕੇਂਦਰਾਂ ’ਚ ਜਾਣ ਜਾਂ ਕਿਰਾਏ ਦੇ ਘਰ ’ਚ ਤਬਦੀਲ ਹੋਣ ਲਈ ਕਿਹਾ ਗਿਆ ਹੈ। ਇਸ ਲਈ ਹਰ ਪਰਿਵਾਰ ਨੂੰ ਅਗਲੇ ਛੇ ਮਹੀਨੇ ਲਈ ਸੂਬਾ ਸਰਕਾਰ ਤੋਂ ਚਾਰ ਹਜ਼ਾਰ ਰੁਪਏ ਮਹੀਨਾ ਮਦਦ ਮਿਲੇਗੀ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੇ ਮੁਲਾਜ਼ਮਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਸੰਧੂ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ’ਚ ਜ਼ਮੀਨ ਨੂੰ ਖੁਰਨ ਤੋਂ ਰੋਕਣ ਦਾ ਕੰਮ ਤੁਰੰਤ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਜਿਨ੍ਹਾਂ ਖਸਤਾ ਹਾਲ ਮਕਾਨਾਂ ’ਚ ਤਰੇੜਾਂ ਆਈਆਂ ਹਨ ਉਨ੍ਹਾਂ ਨੂੰ ਤੁਰੰਤ ਢਾਹਿਆ ਜਾਣਾ ਚਾਹੀਦਾ ਹੈ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ। ਉਨ੍ਹਾਂ ਟੁੱਟੀਆਂ ਜਲ ਸਪਲਾਈ ਦੀਆਂ ਪਾਈਆਂ ਤੇ ਸੀਵਰ ਲਾਈਨ ਦੀ ਤੁਰੰਤ ਮੁਰੰਮਤ ਕਰਨ ਲਈ ਕਿਹਾ ਹੈ ਕਿਉਂਕਿ ਇਨ੍ਹਾਂ ਨਾਲ ਪ੍ਰਭਾਵਿਤ ਇਲਾਕੇ ’ਚ ਹਾਲਾਤ ਹੋਰ ਮੁਸ਼ਕਲ ਹੋ ਸਕਦੇ ਹਨ।



















