
ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਜਾਰੀ ਹੈ। ਪਾਰਾ ਜ਼ੀਰੋ ਦੇ ਨੇੜੇ ਆ ਗਿਆ ਹੈ। ਬਠਿੰਡਾ ਵਿੱਚ 0.4 ਡਿਗਰੀ, ਹੁਸ਼ਿਆਰਪੁਰ ਵਿੱਚ 0.6 ਅਤੇ ਗੁਰਦਾਸਪੁਰ ਵਿੱਚ 0.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਵਾਵਾਂ ਦੀ ਰਫ਼ਤਾਰ ਮੱਠੀ ਹੋਣ ਕਾਰਨ ਸੋਮਵਾਰ ਦੁਪਹਿਰ ਤੱਕ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਪੰਜ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। 7 ਜਨਵਰੀ ਤੱਕ ਲੋਕਾਂ ਨੂੰ ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਸਵੇਰੇ ਅਤੇ ਸ਼ਾਮ ਨੂੰ ਲਗਭਗ ਸਾਰੇ ਖੇਤਰਾਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਪੱਛਮੀ ਮਾਲਵਾ (ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ) ਦੇ ਖੇਤਰਾਂ ਵਿੱਚ ਸੀਤ ਲਹਿਰ ਜਾਰੀ ਰਹੇਗੀ। ਰਾਤ ਦੇ ਨਾਲ-ਨਾਲ ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਘੱਟੋ-ਘੱਟ ਤਾਪਮਾਨ ਅੱਠ ਡਿਗਰੀ ਤੋਂ ਵੱਧ ਦਰਜ ਨਹੀਂ ਕੀਤਾ ਗਿਆ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਘਣੀ ਧੁੰਦ ਕਾਰਨ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ 25 ਮੀਟਰ ਅਤੇ ਪਟਿਆਲਾ ਅਤੇ ਚੰਡੀਗੜ੍ਹ ਵਿੱਚ 50 ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ ਹੈ।



















