ਕਿਸਾਨ ਏਕਤਾ ਕਾਇਮ ਹੈ ਅਤੇ ਹੱਕਾਂ ਲਈ ਜੱਦੋਜਹਿਦ ਵੀ ਜਾਰੀ ਰਹੇਗੀ
ਬਠਿੰਡਾ, 29 ਦਸੰਬਰ, ਬਲਵਿੰਦਰ ਸਿੰਘ ਭੁੱਲਰ
ਦੇਸ਼ ਵਿੱਚ ਇੱਕ ਹੋਰ ਵੱਡਾ ਕਿਸਾਨ ਸੰਘਰਸ ਸੁਰੂ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਉਸ ਸੰਘਰਸ ਵਿੱਚ ਵੀ ਮੋਹਰੀ ਪੰਜਾਬ ਦੇ ਕਿਸਾਨ ਹੋਣਗੇ, ਕਿਉਂਕਿ ਪੰਜਾਬ ਉੱਤੇ ਭਾਰਤ ਦੇ ਲੋਕਾਂ ਨੂੰ ਭਰੋਸਾ ਹੈ। ਇਹ ਵਿਚਾਰ ਕੌਮੀ ਕਿਸਾਨ ਆਗੂ ਸ੍ਰੀ ਰਾਕੇਸ਼ ਟਿਕੈਤ ਨੇ ਇੱਥੇ ਪੀਪਲਜ ਲਿਟਰੇਰੀ ਫੈਸਟੀਵਲ ਦੌਰਾਨ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ੍ਰੀ ਟਿਕੈਤ ਨੇ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜੇ ਵੱਡੇ ਕਿਸਾਨ ਸੰਘਰਸ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮਿਸਾਲੀ ਸੰਘਰਸ ਸੀ, ਜਿਸ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਉਸ ਸੰਘਰਸ ਨੂੰ ਤੋੜਣ ਲਈ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਦਿਆਂ ਕੇਂਦਰ ਸਰਕਾਰ ਨੇ ਹਰ ਵਾਹ ਲਾਈ, ਪਰ ਕਿਸਾਨ ਏਕਤਾ ਕਾਇਮ ਰਹੀ। ਉਹਨਾਂ ਕਿਹਾ ਕਿ ਸੰਘਰਸ ਖਤਮ ਹੋਣ ਤੋਂ ਬਾਅਦ ਕਿਸਾਨੀ ਸੰਘਰਸਾਂ ਵਿੱਚ ਕੁੱਝ ਖੜੋਤੀ ਆਈ ਸੀ, ਜੋ ਆਮ ਵਰਤਾਰਾ ਹੈ ਪਰ ਸੰਘਰਸ ਖਤਮ ਨਹੀਂ ਹੋਇਆ। ਦੇਸ ਦੀ ਖੇਤੀ ਤੇ ਕਿਸਾਨੀ ਨੂੰ ਬਚਾਉਣ ਲਈ ਲਗਾਤਾਰ ਸੰਘਰਸ ਚੱਲ ਰਿਹਾ ਹੈ ਅਤੇ ਹਲਦਾ ਰਹੇਗਾ।
ਸ੍ਰੀ ਟਿਕੈਤ ਨੇ ਕਿਹਾ ਕਿ ਜਿਸ ਖੇਤਰ ਵਿੱਚ ਵੀ ਕਿਸਾਨਾਂ ਤੇ ਆਮ ਲੋਕਾਂ ਦਾ ਮੁੱਦਾ ਉੱਠਦਾ ਹੈ, ਉੱਥੇ ਸੰਘਰਸ ਵਿੱਢ ਦਿੱਤਾ ਜਾਂਦਾ ਹੈ। ਉਹਨਾਂ ਇੰਕਸਾਫ਼ ਕੀਤਾ ਕਿ ਦੇਸ ਵਿੱਚ ਮੁੜ ਇੱਕ ਵੱਡਾ ਕਿਸਾਨ ਸੰਘਰਸ ਚਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਹ ਹੋਣ ਵਾਲਾ ਸੰਘਰਸ ਸਵਾਮੀਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਾਉਣ ਦੇ ਮੁੱਦੇ ਤੇ ਆਧਾਰਤ ਹੋਵੇਗਾ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸੰਘਰਸ ਦੀ ਅਗਵਾਈ ਪੰਜਾਬ ਵੱਲੋਂ ਹੀ ਕੀਤੀ ਜਾਵੇਗੀ ਕਿਉਂਕਿ ਦੇਸ਼ ਦੇ ਲੋਕ ਪੰਜਾਬ ਤੇ ਭਰੋਸਾ ਕਰਦੇ ਹਨ। ਉਹਨਾਂ ਕਿਹਾ ਕਿ ਹੈਰਾਨੀ ਉਦੋਂ ਹੁੰਦੀ ਸੀ ਜਦੋਂ ਪੰਜਾਬ ਦੀਆਂ ਦਰਜਨਾਂ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਰੰਗਾਂ ਨਿਸ਼ਾਨਾਂ ਵਾਲੇ ਝੰਡੇ ਤੇ ਬੈਨਰ ਲੈ ਕੇ ਪਹੁੰਚਦੀਆਂ ਸਨ, ਪਰ ਹੱਕੀ ਮੰਗਾਂ ਲਈ ਸਭ ਦੀ ਰਾਇ ਇੱਕ ਸੀ। ਦਿੱਲੀ ਕਿਸਾਨ ਸੰਘਰਸ ਤੋਂ ਬਾਅਦ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਵਿੱਚ ਭਾਗ ਲੈਣ ਦੇ ਸਆਲ ਦਾ ਜੁਆਬ ਦਿੰਦਿਆਂ ਸ੍ਰੀ ਟਿਕੈਤ ਨੇ ਕਿਹਾ ਕਿ ਅਜਿਹਾ ਵੀ ਕਿਸਾਨ ਜਥੇਬੰਦੀਆਂ ਦੇ ਏਕੇ ਨੂੰ ਤੋੜਣ ਵਾਲੀ ਇੱਕ ਸਾਜ਼ਿਸ ਦਾ ਹਿੱਸਾ ਸੀ, ਜਿਸ ਵਿੱਚ ਲਾਲਚ ਵੀ ਸ਼ਾਮਲ ਸੀ। ਉਹਨਾਂ ਕਿਹਾ ਕਿ ਚੋਣਾਂ ਵਿੱਚ ਭਾਗ ਲੈਣ ਵਾਲੇ ਕਿਸਾਨ ਮੁੜ ਏਕਤਾ ਵੱਲ ਮੁੜ ਆਏ ਹਨ। ਉਹਨਾਂ ਕਿਹਾ ਕਿ ਚੋਣਾਂ ਲੜਣ ਨੂੰ ਗੁਨਾਹ ਵੀ ਨਹੀਂ ਮੰਨਿਆਂ ਜਾ ਸਕਦਾ ਕਿ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਕਿਸਾਨ ਏਕਤਾ ਕਾਇਮ ਹੈ ਅਤੇ ਕਾਇਮ ਰਹੇਗੀ।



















