
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦਾ ਪਟਿਆਲਾ ਦੇ ਸਕੱਤਰੇਤ ਰੋਡ ’ਤੇ ਬਣਿਆ ਬਹੁ-ਮੰਜ਼ਿਲਾ ਸ਼ਾਪਿੰਗ ਕੰਪਲੈਕਸ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਬਣੇ ਹੋਣ ਦੀ ਚਰਚਾ ਹੈ ਪਰ ਜੰਗਲਾਤ ਵਿਭਾਗ ਇਸ ਸਬੰਧੀ ਕੋਈ ਵੀ ਸਫ਼ਾਈ ਦੇਣ ਤੋਂ ਭੱਜ ਰਿਹਾ ਹੈ। ਜਾਣਕਾਰੀ ਅਨੁਸਾਰ ਮਹਾਰਾਜਾ ਭੁਪਿੰਦਰ ਸਿੰਘ ਡੇਅਰੀ ਦੀ ਜ਼ਮੀਨ ਅਕਾਲੀ ਸਰਕਾਰ (2007 ਤੋਂ 2017) ਨੇ ਪੁੱਡਾ ਹਵਾਲੇ ਕਰ ਦਿੱਤੀ ਸੀ। ਸੜਕ ਦੀਆਂ ਬਰਮਾਂ ਨਾਲ ਹੀ ਜੰਗਲਾਤ ਵਿਭਾਗ ਦੀ ਜ਼ਮੀਨ ਵੀ ਮੌਜੂਦ ਸੀ। ਫੋਰੈਸਟ ਕੰਜ਼ਰਵੇਸ਼ਨ ਐਕਟ 1980 ਤਹਿਤ ਜੰਗਲਾਤ ਦੀ ਕੋਈ ਜ਼ਮੀਨ ਕੇਂਦਰ ਸਰਕਾਰ ਦੀ ਐੱਨਓਸੀ ਤੋਂ ਬਿਨਾਂ ਕਿਸੇ ਸਰਕਾਰੀ ਜਾਂ ਗ਼ੈਰਸਰਕਾਰੀ ਵਿਭਾਗ ਨੂੰ ਤਬਦੀਲ ਨਹੀਂ ਕੀਤੀ ਜਾ ਸਕਦੀ, ਪਰ ਜਦੋਂ ਇਹ ਜ਼ਮੀਨ ਪੁੱਡਾ ਹਵਾਲੇ ਕੀਤੀ ਗਈ ਤਾਂ ਜ਼ਮੀਨ ਦਾ ਮੁੱਖ ਸੜਕ ਨਾਲ ਲੱਗਦਾ ਕੁਝ ਹਿੱਸਾ ਭਰਤਇੰਦਰ ਸਿੰਘ ਚਾਹਲ ਨੇ ਖ਼ਰੀਦ ਲਿਆ, ਜਿੱਥੇ ਉਸ ਨੇ ਬਹੁ-ਮੰਜ਼ਿਲਾ ਸ਼ਾਪਿੰਗ ਕੰਪਲੈਕਸ ਬਣਾਇਆ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ (2017 ਤੋਂ 2021) ਵੇਲੇ ਜੰਗਲਾਤ ਵਿਭਾਗ ਨੇ ਇਸ ਜ਼ਮੀਨ ’ਤੇ ਆਪਣਾ ਹੱਕ ਨਹੀਂ ਜਤਾਇਆ ਤੇ ਭਰਤਇੰਦਰ ਸਿੰਘ ਚਾਹਲ ਇੱਥੇ ਉਸਾਰੀ ਕਰਵਾਉਂਦਾ ਰਿਹਾ। ਪੁੱਡਾ ਨੇ ਵੀ ਇਸ ਜ਼ਮੀਨ ਬਾਰੇ ਕੋਈ ਪੜਤਾਲ ਨਹੀਂ ਕੀਤੀ। ਹੁਣ ਜਦੋਂ ਵਿਜੀਲੈਂਸ ਨੇ ਇਸ ਸ਼ਾਪਿੰਗ ਕੰਪਲੈਕਸ ਦੀ ਪੜਤਾਲ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਜ਼ਮੀਨ ਸਬੰਧੀ ਨਾ ਐੱਨਓਸੀ ਲਈ ਗਈ ਹੈ ਤੇ ਨਾ ਹੀ ਨਿਯਮਾਂ ਅਨੁਸਾਰ ਬਣਦੀ ਫੀਸ ਅਦਾ ਕੀਤੀ ਗਈ ਹੈ। 



















