
ਯੂਕਰੇਨ ਨਾਲ ਜੰਗ ਜਲਦੀ ਖ਼ਤਮ ਕਰਨਾ ਚਾਹੁੰਦੇ ਹਾਂ: ਪੂਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਉਹ ਯੂਕਰੇਨ ਨਾਲ ਜੰਗ ਜਲਦੀ ਖ਼ਤਮ ਕਰਨਾ ਚਾਹੁੰਦੇ ਹਨ। ਪੂਤਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਡਾ ਟੀਚਾ ਇਸ ਜੰਗ ਨੂੰ ਖ਼ਤਮ ਕਰਨਾ ਹੈ। ਅਸੀਂ ਇਸ ਲਈ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਭ ਖਤਮ ਹੋ ਜਾਵੇ। ਅਜਿਹਾ ਜਿੰਨੀ ਜਲਦੀ ਹੋਵੇਗਾ ਓਨਾ ਬਿਹਤਰ ਹੈ।’’ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਕੂਟਨੀਤਕ ਗੱਲਬਾਤ ਰਾਹੀਂ ਯੂਕਰੇਨ ਨਾਲ ਜੰਗ ਖਤਮ ਹੋ ਸਕਦੀ ਹੈ। ਰੂਸ ਲਗਾਤਾਰ ਕਹਿ ਰਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਯੂਕਰੇਨ ਅਤੇ ਇਸ ਦੇ ਸਹਿਯੋਗੀ ਮੰਨਦੇ ਹਨ ਕਿ ਕੁੱਝ ਕੁ ਹਾਰਾਂ ਮਗਰੋਂ ਰੂਸ ਸਮਾਂ ਲੈਣ ਲਈ ਚਾਲ ਚੱਲ ਰਿਹਾ ਹੈ। ਪੂਤਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਕਈ ਵਾਰ ਕਹਿ ਚੁੱਕਾ ਹਾਂ ਕਿ ਦੁਸ਼ਮਣੀ ਵਧਣ ਨਾਲ ਗੈਰ-ਵਾਜਬ ਨੁਕਸਾਨ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਸਾਰੇ ਹਥਿਆਰਬੰਦ ਟਕਰਾਅ ਕਿਸੇ ਨਾ ਕਿਸੇ ਤਰੀਕੇ ਕੂਟਨੀਤਕ ਗੱਲਬਾਤ ਰਾਹੀਂ ਖ਼ਤਮ ਹੁੰਦੇ ਹਨ।’’ ਉਨ੍ਹਾਂ ਕਿਹਾ, ‘‘ਜਲਦੀ ਜਾਂ ਬਾਅਦ ਵਿੱਚ, ਟਕਰਾਅ ਦੀ ਸਥਿਤੀ ’ਚ ਕੋਈ ਵੀ ਧਿਰ ਬੈਠ ਕੇ ਸਮਝੌਤੇ ਕਰਦੀ ਹੈ। ਸਾਡਾ ਵਿਰੋਧ ਕਰਨ ਵਾਲੇ ਇਹ ਗੱਲ ਜਿੰਨੀ ਜਲਦੀ ਸਮਝ ਜਾਣ, ਓਨਾ ਹੀ ਚੰਗਾ ਹੈ। ਅਸੀਂ ਇਸ ਤੋਂ ਕਦੇ ਵੀ ਪਿੱਛੇ ਨਹੀਂ ਹਟੇ।’’
ਜ਼ੈਲੇਂਸਕੀ ਅਮਰੀਕੀ ਦੌਰੇ ਤੋਂ ਪਰਤ ਆਏ ਹਨ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਦਿਖਾਏ ਗਏ ਸਮਰਥਨ ਤੋਂ ਉਤਸ਼ਾਹਿਤ ਹਨ। ਰੂਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਜ਼ੈਲੇਂਸਕੀ ਦਾ ਪਹਿਲਾ ਵਿਦੇਸ਼ ਦੌਰਾ ਹੈ। ਇਸ ਦੌਰਾਨ ਅਮਰੀਕਾ ਨੇ ਯੂਕਰੇਨ ਲਈ 1.8 ਅਰਬ ਡਾਲਰ ਦੀ ਫ਼ੌਜੀ ਫੌਜੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪੈਟ੍ਰੀਆਟ ਏਅਰ ਡਿਫੈਂਸ ਸਿਸਟਮ ਵੀ ਸ਼ਾਮਲ ਹੈ। ਜ਼ੈਲੇਂਸਕੀ ਨੇ ਕਿਹਾ ਕਿ ਪੈਟ੍ਰੀਆਟ ਸਿਸਟਮ ਹਵਾਈ ਢਾਲ ਬਣਾਉਣ ਲਈ ਅਹਿਮ ਹੈ। ਇਸ ਬਾਰੇ ਪੂਤਿਨ ਨੇ ਕਿਹਾ ਕਿ ਪੈਟ੍ਰੀਆਟ ਸਿਸਟਮ ‘ਕਾਫੀ ਪੁਰਾਣਾ’ ਹੈ ਅਤੇ ਰੂਸ ਦੇ ਐੱਸ-300 ਸਿਸਟਮ ਵਾਂਗ ਕੰਮ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਪੈਟ੍ਰੀਆਟ ਸਿਸਟਮ ਦਾ ਹੱਲ ਲੱਭ ਲਿਆ ਜਾਵੇਗਾ।
ਦੂਜੇ ਪਾਸੇ ਵ੍ਹਾਈਟ ਹਾਊਸ ਦੇ ਤਰਜਮਾਨ ਜੌਹਨ ਕਿਰਬੀ ਨੇ ਕਿਹਾ ਕਿ ਪੂਤਿਨ ਨੇ ਇਹ ਜੰਗ ਗੱਲਬਾਤ ਨਾਲ ਖ਼ਤਮ ਕਰਨ ਲਈ ਕੋਈ ਸੰਕੇਤ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੂਤਿਨ ਆਪਣੇ ਬਿਆਨਾਂ ਦੇ ਬਿਲਕੁਲ ਉਲਟ ਚੱਲ ਰਹੇ ਹਨ। ਕਿਰਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਤਿਨ ਵੱਲੋਂ ਕੀਤੀਆਂ ਜਾ ਰਹੀਆਂ ਜ਼ਮੀਨੀ ਅਤੇ ਹਵਾਈ ਕਾਰਵਾਈਆਂ ਤੋਂ ਲੱਗਦਾ ਹੈ ਕਿ ਉਹ ਯੂਕਰੇਨ ਦੇ ਲੋਕਾਂ ’ਤੇ ਹਿੰਸਾ ਜਾਰੀ ਰੱਖਣੀ ਅਤੇ ਜੰਗ ਹੋਰ ਵਧਾਉਣੀ ਚਾਹੁੰਦੇ ਹਨ।















