
ਅਮਰੀਕਾ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਨਾਲ ਹੀ ਕੜਾਕੇ ਦੀ ਠੰਡ ਤੇ ਭਾਰੀ ਬਰਫਬਾਰੀ ਦੀ ਦੋਹਰੀ ਮਾਰ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ । ਸ਼ਿਕਾਗੋ, ਡੇਨਵਰ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹੱਡ ਚੀਰਵੀਂ ਠੰਡ ਪੈ ਰਹੀ ਹੈ। ਕਈ ਇਲਾਕਿਆਂ ਵਿੱਚ ਤਾਪਮਾਨ ਮਨਫੀ ਤੋਂ ਕਈ ਡਿਗਰੀ ਹੇਠਾਂ ਆ ਗਿਆ ਹੈ। ਬਰਫ਼ਬਾਰੀ ਤੇ ਬਾਰਿਸ਼ ਕਾਰਨ ਪੈਦਾ ਹੋਏ ਹਾਲਾਤਾਂ ਦੇ ਚੱਲਦਿਆਂ 2 ਹਜ਼ਾਰ ਤੋਂ ਵੱਧ ਉਡਾਣਾਂ ਮੁਲਤਵੀ ਕਰਨੀਆਂ ਪਈਆਂ ਹਨ।
ਕ੍ਰਿਸਮਸ ਤੇ ਨਵੇਂ ਸਾਲ ਤੋਂ ਪਹਿਲਾਂ ਅਮਰੀਕਾ ਦੇ ਕਈ ਇਲਾਕਿਆਂ ਵਿੱਚ ਕੜਾਕੇ ਦੀ ਠੰਡ ਦੇਖਣ ਨੂੰ ਮਿਲ ਰਹੀ ਹੈ । ਇੱਥੇ ਬਰਫਬਾਰੀ ਅਤੇ ਮੀਂਹ ਦੇ ਵਿਚਾਲੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ 2 ਹਜ਼ਾਰ ਤੋਂ ਵੱਧ ਉਡਾਣਾਂ ਨੂੰ ਮੁਲਤਵੀ ਕਰਨਾ ਪਿਆ ਹੈ । ਇੰਨਾ ਹੀ ਨਹੀਂ, ਮੀਂਹ, ਬਰਫਬਾਰੀ ਅਤੇ ਠੰਡ ਦੇ ਵਿਚਾਲੇ ਅਮਰੀਕਾ ਵਿੱਚ ਉਡਾਣਾਂ ਤੋਂ ਇਲਾਵਾ ਸੜਕ ਤੇ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਏਅਰਲਾਈਨਾਂ ਨੇ ਵੀਰਵਾਰ ਸ਼ਾਮ 6 ਵਜੇ ਤੱਕ 2,270 ਤੋਂ ਵੱਧ ਅਮਰੀਕੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ । ਇੰਨਾ ਹੀ ਨਹੀਂ, ਟ੍ਰੈਕਿੰਗ ਸਾਈਟ ਫਲਾਈਟ ਅਵੇਅਰ ਦੇ ਮੁਤਾਬਕ ਸ਼ੁੱਕਰਵਾਰ ਨੂੰ ਵੀ ਲਗਪਗ 1,000 ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ । ਵੀਰਵਾਰ ਨੂੰ ਕਈ ਉਡਾਣਾਂ ਦੇ ਟੇਕਆਫ ਵਿੱਚ ਵੀ ਦੇਰੀ ਹੋਈ। ਜਾਣਕਾਰੀ ਮੁਤਾਬਕ 7,400 ਤੋਂ ਵੱਧ ਉਡਾਣਾਂ ਲੇਟ ਹੋਈਆਂ।



















