ਸੰਨ ਚੁਰਾਸੀ ਦੇ ਨਾਸੂਰ ਬਣੇ ਦੁਖਾਂਤਾਂ ਤੋਂ ਮੁੜ ਚੜ੍ਹਦੀ ਕਲਾ ਵਲ ਵਧ ਰਿਹਾ ਹੈ ਪੰਥ


ਕੁਲਵੰਤ ਸਿੰਘ ਢੇਸੀ

ਜੂਨ ੧੯੮੪ ਨੂੰ ਭਾਰਤੀ ਫੋਜ ਵਲੋਂ ਦਰਬਾਰ ਸਹਿਬ ‘ਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਸਮੂਹ ਲਈ ਇੱਕ ਐਸਾ ਦੁਖਾਂਤ ਸੀ ਜੋ ਕਿ ਨਾਸੂਰ ਬਣ ਗਿਆ। ੩੧ ਅਕਤੂਬਰ ੧੯੮੪ ਨੂੰ ਜਦੋਂ ਇੰਦਰਾਂ ਗਾਂਧੀ ਦਾ ਕਤਲ ਹੋਇਆ ਤਾਂ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਭਾਰਤੀ ਕਾਂਗਰਸ ਵਲੋਂ ਗਿਣਮਿਥ ਕੇ ਕੀਤਾ ਗਿਆ ਸਿੱਖ ਕਤਲੇਆਮ ਇੱਕ ਹੋਰ ਵੱਡਾ ਦੁਖਾਂਤ ਸੀ ਜਿਸ ਨੂੰ ਸਿੱਖ ਕਦੀ ਵੀ ਭੁਲਾ ਨਹੀਂ ਸਕਦੇ। ਇਹ ਹੀ ਕਾਰਨ ਹੈ ਜਦੋਂ ਕਿਧਰੇ ਸਿੱਖ ਕਤਲੇਆਮ ਨਾਲ ਜੁੜੇ ਨਾਵਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਦਾ ਸਿੱਖ ਸਮਾਜ ਵਿਚ ਤਿੱਖਾ ਪ੍ਰਤੀਕਰਮ ਹੁੰਦਾ ਹੈ। ਇੰਦੌਰ ਦੇ ਸਿੰਘ ਸਭਾ ਗੁਰਦਵਾਰਾ ਵਿਚ ਸਿੱਖਾਂ ਦੇ ਕਾਤਲ ਕਮਲਨਾਥ ਨੂੰ ਜਦੋ ਗੁਰਦਵਾਰਾ ਕਮੇਟੀ ਨੇ ਸਤਕਾਰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵਿਰੋਧ ਵਿਚ ਜਿਸ ਵੇਲੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਬੇਬਾਕੀ ਨਾਲ ਗੁਰਦਵਾਰੇ ਦੀ ਸਟੇਜ ਤੋਂ ਵਿਰੋਧ ਕੀਤਾ ਤਾਂ ਭਾਈ ਕਾਨਪੁਰੀ ਦੇ ਇਸ ਵਿਰੋਧ ਨੂੰ ਸਿੱਖ ਭਾਈਚਾਰੇ ਨੇ ਕੌਮਾਂਤਰੀ ਪੱਧਰ ‘ਤੇ ਸਲਾਹਿਆ। ਇਸੇ ਤਰਾਂ ਕਦੀ ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਨੂੰ ਵੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਹਿਲਾਦ ਸਿੰਘ ਨੇ ਸ੍ਰੀ ਸਾਹਿਬ ਤੇ ਸਿਰੋਪਾਓ ਦਿੱਤਾ ਸੀ ਤਾਂ ਸਮੂਹ ਸਿੱਖ ਸਮਾਜ ਵਲੋਂ ਵਿਰੋਧ ਹੋਇਆ ਸੀ।
ਹੁਣ ਜਦੋਂ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੇ ਜਾਂਬਾਜ਼ੀ ਦੇ ਭਾਸ਼ਣ ਦੇਣੇ ਸ਼ੁਰੂ ਕੀਤੇ ਤਾਂ ਨਾ ਕੇਵਲ ਪੰਜਾਬ ਸਗੋਂ ਦੁਨੀਆਂ ਭਰ ਦੇ ਸਿੱਖਾਂ ਵਿਚ ਉਸ ਦਾ ਆਸ਼ਾਵਾਦੀ ਪ੍ਰਤੀਕਰਮ ਹੋਇਆ ਹੈ। ਭਾਈ ਅੰਮ੍ਰਿਤਪਾਲ ਵਲੋਂ ਅੰਮ੍ਰਿਤ ਛਕਣ ਲਈ ਸਿੱਖ ਸਮੂਹ ਨੂੰ ਪ੍ਰੇਰਨ ਨਾਲ ਜਿਥੇ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਥੇ ਸ਼ਿਵ ਸੈਨਾ ਵਰਗੇ ਫਿਰਕੂ ਲੋਕਾਂ ਵਲੋਂ ਇਸ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਨੌਜਵਾਨੀ ਜਿਸ ਤੇਜੀ ਨਾਲ ਨਸ਼ਿਆਂ ਵਿਚ ਗਰਕਦੀ ਜਾ ਰਹੀ ਸੀ ਉਸ ਬਰਬਾਦੀ ਤੋਂ ਬਚਣ ਦੀ ਹੁਣ ਉਮੀਦ ਜਗੀ ਹੈ ਅਤੇ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਸਾਜਿਸ਼ ਦਾ ਸ਼ਿਕਾਰ ਨਹੀਂ ਹੁੰਦੇ ਤਾਂ ਇਸ ਤਰਾਂ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਸਿੱਖ ਪੰਥ ਬੜੀ ਤੇਜੀ ਨਾਲ ਚੜ੍ਹਦੀ ਕਲਾ ਵਲ ਵਧੇਗਾ । ਅੰਮ੍ਰਿਤ ਸੰਚਾਰ ਦੀ ਇਸ ਲਹਿਰ ਨੂੰ ਰੋਕਣ ਲਈ ਵਿਰੋਧੀਆਂ ਕੋਲ ਇੱਕੋ ਇੱਕ ਹਥਿਆਰ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਹਿੰਸਕ ਸਾਜਸ਼ ਦਾ ਸ਼ਿਕਾਰ ਬਣਾ ਲੈਣ। ਭਾਈ ਅੰਮ੍ਰਿਤਪਾਲ ਗਰਮ ਲਹੂ ਵਾਲਾ ਨੌਜਵਾਨ ਹੈ ਜਿਸ ਦੀ ਜ਼ਮੀਰ ਨੂੰ ਭਾਰਤੀ ਹਾਕਮਾਂ ਵਲੋਂ ਕੀਤੇ ਗਏ ਜ਼ੁਲਮ ਬਹੁਤ ਟੁੰਬਦੇ ਹਨ ਅਤੇ ਇਹ ਗੱਲ ਉਹ ਵਾਰ ਵਾਰ ਕਹਿੰਦਾ ਹੈ ਕਿ ਸਿੱਖ ਕੌਮ ਭਾਰਤ ਵਿਚ ਗੁਲਾਮ ਹੈ। ਦੂਸਰੇ ਪਾਸੇ ਰਾਜਨੀਤਕ ਤੌਰ ‘ਤੇ ਜਿਥੇ ਅਕਾਲੀ ਦਲ ਤੇ ਪੰਜਾਬ ਕਾਂਗਰਸ ਅਰਸ਼ ਤੋਂ ਫਰਸ਼ ‘ਤੇ ਡਿੱਗੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਵਾਅਦੇ ਵੀ ਵਫਾ ਕਰਦੇ ਨਜ਼ਰ ਨਹੀਂ ਆ ਰਹੇ ਤਾਂ ਪੰਜਾਬ ਦੇ ਲੋਕ ਨੇੜਲੇ ਭਵਿੱਖ ਵਿਚ ਮੁੜ ਕਿਸੇ ਨਵੇਂ ਰਾਜਸੀ ਬਦਲ ਦੀ ਭਾਲ ਵਿਚ ਸੇਧ ਲੈ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਚਲਾਈ ਗਈ ਅੰਮ੍ਰਿਤ ਸੰਚਾਰ ਦੀ ਲਹਿਰ ਕੀ ਅੱਗੇ ਜਾ ਕੇ ਕਿਸੇ ਰਾਜਸੀ ਇਨਕਲਾਬ ਦਾ ਨਾਅਰਾ ਵੀ ਦਿੰਦੀ ਹੈ ਜਾਂ ਇਸ ਦਾ ਕਾਰਜ ਕੇਵਲ ਧਾਰਮਕ ਰਹਿੰਦਾ ਹੈ। ਜੋ ਵੀ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਿਵਾਇਤੀ ਸਿੱਖ ਆਗੂਆਂ ਤੋਂ ਨਿਰਾਸ਼ ਹੋ ਚੁੱਕੇ ਸਿੱਖ ਸਮਾਜ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇਕ ਆਸ ਦੀ ਕਿਰਨ ਹੈ।

Total Views: 65 ,
Real Estate