
ਬ੍ਰਾਜ਼ੀਲ ਨੇ ਇੱਕ ਵਾਰ ਫ਼ਿਰ ਤੋਂ ਖੱਬੇ ਪੱਖੀ ਧਿਰ ਤੇ ਸਾਬਕਾ ਰਾਸ਼ਟਰਪਤੀ ਲੁਈਸ ਇਨਸੀਓ ਲੂਲਾ ਡੀ ਸਿਲਵਾ ਨੂੰ ਚੁਣਿਆ। ਉਨ੍ਹਾਂ ਨੇ ਸੱਜੇ ਪੱਖੀ ਮੌਜੂਦਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਹਰਾਇਆ ਹੈ। ਦੋਵਾਂ ਧਿਰਾਂ ਵਿਚ ਵੰਡੀ ਹੋਈ ਅਬਾਦੀ ਵਾਲੀਆਂ ਸਿਆਸੀ ਸਫ਼ਾਂ ‘ਤੇ ਖੜੇ ਹੋ ਕੇ ਦੋ ਹੰਢੇ ਵਰਤੇ ਸਿਆਸਤਦਾਨਾਂ ਨੇ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੱਤਾ। ਲੂਲਾ ਦੇ ਸਮਰਥਕਾਂ ਨੂੰ ਜਿੱਤ ਦਾ ਭਰੋਸਾ ਸੀ ਅਤੇ ਉਨ੍ਹਾਂ ਇਹ ਚੋਣ 50.9 ਫ਼ੀਸਦ ਵੋਟਾਂ ਨਾਲ ਜਿੱਤੀ। ਜੈਰ ਬੋਲਸੋਨਾਰੋ ਨੂੰ ਹਰਾਉਣ ਲਈ ਇਹ ਅੰਕੜਾ ਕਾਫ਼ੀ ਸੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੋ ਵੰਡ ਇੰਨਾਂ ਚੋਣਾਂ ਨੇ ਪਾਈ ਹੈ, ਉਸ ਨੂੰ ਪੂਰਨਾ ਹੁਣ ਔਖਾ ਹੈ।ਇਹ ਇੱਕ ਅਜਿਹੇ ਸਿਆਸਤਦਾਨ ਦੀ ਜ਼ਬਰਦਸਤ ਵਾਪਸੀ ਹੈ, ਜੋ ਸਾਲ 2018 ਦੀ ਚੋਣ ਨਹੀਂ ਸੀ ਲੜ ਸਕਿਆ ਕਿਉਂ ਕਿ ਉਹ ਜੇਲ੍ਹ ਵਿੱਚ ਸੀ ਤੇ ਉਸ ਦੇ ਚੋਣ ਲੜਨ ਉੱਤੇ ਪਾਬੰਦੀ ਲੱਗੀ ਹੋਈ ਸੀ। ਲੂਲਾ ਉੱਤੇ ਇੱਕ ਬ੍ਰਾਜ਼ੀਲੀ ਉਸਾਰੀ ਕੰਪਨੀ ਨੂੰ ਬ੍ਰਾਜ਼ੀਲ ਦੀ ਕੌਮੀ ਤੇਲ ਕੰਪਨੀ ਪੈਟਰੋਬਰਸ ਨਾਲ ਠੇਕਾ ਦੁਆਉਣ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ ਸਨ।ਲੂਲਾ ਨੇ ਆਪਣੀ ਸਜ਼ਾ ਰੱਦ ਹੋਣ ਤੋਂ ਪਹਿਲਾਂ 580 ਦਿਨ ਜੇਲ੍ਹ ‘ਚ ਬਿਤਾਏ। ਬਾਹਰ ਆਉਣ ਤੋਂ ਬਾਅਦ ਉਹ ਮੁੜ ਸਿਆਸਤ ਦਾ ਹਿੱਸਾ ਬਣ ਗਏ।ਉਨ੍ਹਾਂ ਆਪਣੇ ਜੇਤੂ ਭਾਸ਼ਣ ਵਿੱਚ ਕਿਹਾ, “ਉਨ੍ਹਾਂ ਮੈਨੂੰ ਇੱਥੇ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਐਥੇ ਖੜਾ ਹਾਂ।”ਸਾਬਕਾ ਰਾਸ਼ਟਰ ਮੁਖੀ ਅਤੇ ਬ੍ਰਾਜ਼ੀਲ ਦੀ ਖੱਬੇਪੱਖੀ ਵਰਕਰਜ਼ ਪਾਰਟੀ (ਪੀਟੀ) ਦੇ ਸੰਸਥਾਪਕ 76 ਸਾਲਾ ਲੁਈਸ ਇਨਸੀਓ ਲੂਲਾ ਡੀ ਸਿਲਵਾ ਦਾ ਸਿਲਵਾ ਲਾਤੀਨੀ ਅਮਰੀਕੀ ਖੱਬੇ ਪੱਖੀ ਹਨ।ਉਹ ਦੇਸ਼ ਦੇ 30 ਅਕਤੂਬਰ ਦੇ ਚੋਣ ਗੇੜ ਵਿੱਚ ਰਾਸ਼ਟਰਪਤੀ ਵਜੋਂ ਆਪਣੇ ਤੀਜੇ ਕਾਰਜਕਾਲ ਲਈ ਲੜ ਰਹੇ ਸਨ। ਉਨ੍ਹਾਂ ਦਾ ਮੁਕਾਬਲਾ ਮੌਜੂਦਾ ਸੱਜੇ-ਪੱਖੀ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨਾਲ ਸੀ।



















