
ਭਾਰਤੀ ਚੋਣ ਕਮਿਸ਼ਨ ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ‘ਮਸ਼ਾਲ’ ਚੋਣ ਨਿਸ਼ਾਨ ਅਲਾਟ ਕੀਤਾ ਹੈ। ਸ਼ਿਵ ਸੈਨਾ ਦੇ ਵਿਰੋਧੀ ਧੜਿਆਂ ਦਰਮਿਆਨ ਵਿਵਾਦ ਨੂੰ ਲੈ ਕੇ ਚੋਣ ਕਮਿਸ਼ਨ ਨੇ ਸੋਮਵਾਰ ਇਕ ਹੁਕਮ ਜਾਰੀ ਕਰ ਊਧਵ ਠਾਕਰੇ ਧੜੇ ਲਈ ਪਾਰਟੀ ਦੇ ਨਾਂ ਦੇ ਰੂਪ ਵਿਚ ‘ਸ਼ਿਵ ਸੈਨਾ-ਉਧਵ ਬਾਲਾਸਾਹਿਬ ਠਾਕਰੇ’ ਜਦਕਿ ਏਕਨਾਥ ਸ਼ਿੰਦੇ ਦੇ ਧੜੇ ਨੂੰ ‘ਬਾਲਾਸਾਹਿਬੰਚੀ ਸ਼ਿਵ ਸੈਨਾ’ ਨਾਂ ਅਲਾਟ ਕੀਤਾ ਹੈ। ਕਮਿਸ਼ਨ ਨੇ ਧਾਰਮਿਕ ਅਰਥਾਂ ਦਾ ਹਵਾਲਾ ਦਿੰਦਿਆਂ ਸ਼ਿਵ ਸੈਨਾ ਦੇ ਵਿਰੋਧੀ ਧੜਿਆਂ ‘ਤ੍ਰਿਸ਼ੂਲ’ ਅਤੇ ‘ਗਦਾ’ ਨੂੰ ਚੋਣ ਨਿਸ਼ਾਨ ਦੇ ਰੂਪ ਵਿਚ ਅਲਾਟ ਕੀਤੇ ਜਾਣ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ। ਚੋਣ ਕਮਿਸ਼ਨ ਨੇ ਇਹ ਵੀ ਦੱਸਿਆਂ ਕਿ ਦੋਵਾਂ ਧੜਿਆਂ ਵੱਲੋਂ ਮੰਗਿਆ ਗਿਆ ‘ਉੱਗਦਾ ਸੂਰਜ’ ਚੋਣ ਨਿਸ਼ਾਨ ਤਾਮਿਲਨਾਡੂ ਅਤੇ ਪੁੱਡੂਚੇਰੀ ਵਿਚ ਡੀਐੱਮਕੇ ਲਈ ਰਾਖਵਾਂ ਸੀ। ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਮੰਗਲਵਾਰ ਸਵੇਰੇ 10 ਵਜੇ 3 ਚੋਣ ਨਿਸ਼ਾਨਾਂ ਦੀ ਸੂਚੀ ਦਾਖਲ ਕਰਨ ਲਈ ਕਿਹਾ ਹੈ।
ਪਿਛਲੇ ਦਿਨਾਂ ‘ਚ ਸ਼ਿੰਦੇ ਨੇ ਊਧਵ ਠਾਕਰੇ ਦੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਸ਼ਿਵ ਸੈਨਾ ਦੇ 55 ‘ਚੋਂ 40 ਵਿਧਾਇਕਾਂ ਅਤੇ 18 ਲੋਕ ਸਭਾ ਮੈਂਬਰਾਂ ‘ਚੋਂ 12 ਦੀ ਹਮਾਇਤ ਪ੍ਰਾਪਤ ਹੈ। ਊਧਵ ਦੇ ਅਸਤੀਫ਼ੇ ਤੋਂ ਬਾਅਦ ਸ਼ਿੰਦੇ ਨੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾਉਂਦਿਆਂ ਮੁੱਖ ਅਹੁਦੇ ਦੀ ਸਹੁੰ ਚੁੱਕੀ ਸੀ।



















