ਸੋਨੀਆਂ ਗਾਂਧੀ ਦੇਸ ਦੇ ਹਿਤ ’ਚ ਪੁੱਤਰ ਮੋਹ ਦਾ ਤਿਆਗ ਕਰੇ

ਬਲਵਿੰਦਰ ਸਿੰਘ ਭੁੱਲਰ

ਭਾਰਤ ਦੀਆਂ ਰਾਜਨੀਤਕ ਤਬਦੀਲੀਆਂ ਬਹੁਤ ਤੇਜ ਹੋ ਚੁੱਕੀਆਂ ਹਨ। ਸੱਤ੍ਹਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਪਿਆਰ ਨਾਲ, ਲਾਲਚ ਨਾਲ, ਡਰਾ ਧਮਕਾ ਕੇ, ਜਿਵੇਂ ਵੀ ਉਹ ਕਰ ਸਕਦੀ ਹੈ
ਵਿਰੋਧੀਆਂ ਨੂੰ ਆਪਣੇ ਵੱਸ ਵਿੱਚ ਕਰ ਰਹੀ ਹੈ, ਤਾਂ ਜੋ 2024 ਵਿੱਚ ਉਹ ਅਸਾਨੀ ਨਾਲ ਮੁੜ ਸੱਤ੍ਹਾ ਤੇ ਕਾਬਜ ਹੋ ਸਕੇ। ਅਜਿਹਾ ਲੱਗਭੱਗ ਵਿਖਾਈ ਵੀ ਦੇ ਰਿਹਾ ਹੈ, ਕਿਉਂਕਿ ਇਸਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਤਾਂ ਡੁੱਬਣ ਦੇ ਕਿਨਾਰੇ ਤੇ ਪਹੁੰਚ ਗਈ ਹੈ। ਖੇਤਰੀ ਪਾਰਟੀਆਂ ਰਲ ਮਿਲ ਕੇ ਕੇਂਦਰ ਤੇ ਕਾਬਜ ਹੋਣ ਦੀਆਂ ਕੋਸ਼ਿਸ਼ਾਂ ਤਾਂ ਕਰਦੀਆਂ ਹਨ, ਪਰ ਭਾਂਤ ਭਾਂਤ ਦੇ ਵਿਚਾਰਾਂ ਨੂੰ ਇਕੱਠੇ ਰੱਖਣਾ ਸੌਖਾ ਨਹੀਂ ਹੈ। ਜੇ ਭਾਜਪਾ ਦਾ ਮੁਕਾਬਲਾ ਕਰਨ ਦੇ ਸਮਰੱਥ ਕੋਈ ਪਾਰਟੀ ਸੀ ਤਾਂ ਕਾਂਗਰਸ ਹੀ ਸੀ। ਪਰ ਕਾਂਗਰਸ ਦੇ ਕਰੀਬ 135 ਸਾਲਾਂ ਦੇ ਇਤਿਹਾਸ ਵਿੱਚ ਕਦੇ ਵੀ ਇਸ ਪਾਰਟੀ ਦਾ ਏਨਾ ਬੁਰਾ ਹਾਲ ਨਹੀਂ ਹੋਇਆ, ਜਿਨਾਂ ਅੱਜ ਦੇ ਸਮੇਂ ’ਚ ਹੈ। ਐਮਰਜੈਂਸੀ ਤੋਂ ਬਾਅਦ ਵੀ ਕਾਂਗਰਸ ਤੇ ਮਾੜਾ ਸਮਾਂ ਆਇਆ ਸੀ ਅਤੇ ਸੱਤ੍ਹਾ ਖੁੱਸ਼ ਗਈ ਸੀ, ਪਰ ਸ੍ਰੀਮਤੀ ਇੰਦਰਾ ਗਾਂਧੀ ਇੱਕ ਦੂਰ ਅੰਦੇਸ਼ੀ ਤੇ ਦਲੇਰ ਆਗੂ ਸੀ ਜਿਸਨੇ ਛੇਤੀ ਹੀ ਕਾਂਗਰਸ ਨੂੰ ਮੁੜ ਪੈਰਾਂ ਤੇ ਖੜਾ ਕਰ ਲਿਆ ਅਤੇ ਪਾਰਟੀ ਨੂੰ ਮਜਬੂਤ ਕਰਕੇ ਸੱਤ੍ਹਾ ਹਥਿਆ ਲਈ ਸੀ। ਸ੍ਰੀਮਤੀ ਗਾਂਧੀ ਦੀ ਮੌਤ ਤੋਂ ਬਾਅਦ ਸ੍ਰੀ ਰਾਜੀਵ ਗਾਂਧੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਪਾਰਟੀ ਦੀ ਵਾਗਡੋਰ ਸੰਭਾਲ ਦਿੱਤੀ ਗਈ। ਕਾਂਗਰਸ ਪਾਰਟੀ ਨਹਿਰੂ ਪਰਿਵਾਰ ਤੇ ਵਿਸਵਾਸ ਵੀ ਕਰਦੀ ਸੀ ਅਤੇ ਦਹਾਕਿਆਂ ਤੋਂ ਰਾਜ ਕਰਨ ਵਾਲੇ ਇਸ ਪਰਿਵਾਰ ਦੇ ਤਜਰਬੇ ਦਾ ਲਾਹਾ ਵੀ ਲੈਣਾ ਚਾਹੁੰਦੀ ਸੀ।
ਪਾਰਟੀ ਨੇ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਪ੍ਰਧਾਨ ਬਣਾ ਕੇ ਦੇਸ ਪੱਧਰ ਦੀਆਂ ਚੋਣਾਂ ਲੜੀਆਂ ਅਤੇ ਬਹੁਸੰਮਤੀ ਹਾਸਲ ਕੀਤੀ। ਗੱਲ ਪ੍ਰਧਾਨ ਮੰਤਰੀ ਬਣਾਉਣ ਦੀ ਆਈ ਤਾਂ ਦੇਸ ਵਾਸੀ ਸੋਚ ਰਹੇ ਸਨ ਕਿ ਪੁਰਾਣੀ ਰਿਵਾਇਤ ਅਨੁਸਾਰ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਹੀ ਪ੍ਰਧਾਨ ਮੰਤਰੀ ਬਣੇਗੀ। ਅਜਿਹੇ ਮੌਕੇ ਸ੍ਰੀਮਤੀ ਸੋਨੀਆ ਗਾਂਧੀ ਨੇ ਸੂਝ ਤੋਂ ਕੰਮ ਲੈਂਦਿਆਂ ਤਿਆਗ ਦੀ ਭਾਵਨਾ ਵਿਖਾਈ ਅਤੇ ਇਸ ਉ¤ਚ ਅਹੁਦੇ ਲਈ ਡਾ: ਮਨਮੋਹਨ ਸਿੰਘ ਦਾ ਨਾਂ ਸਾਹਮਣੇ ਲਿਆਂਦਾ ਤੇ ਉਹ ਪ੍ਰਧਾਨ ਮੰਤਰੀ ਬਣ ਗਏ। ਡਾ: ਸਿੰਘ ਜੋ ਵੱਡੇ
ਅਰਥ ਸ਼ਾਸ਼ਤਰੀ ਹਨ ਨੇ ਬਹੁਤ ਚੰਗੇ ਢੰਗ ਨਾਲ ਰਾਜ ਭਾਗ ਚਲਾਇਆ ਅਤੇ ਦੇਸ ਦੇ ਵਿਕਾਸ ਨੂੰ ਅੱਗੇ ਵਧਾਇਆ। ਡਾ: ਮਨਮੋਹਨ ਸਿੰਘ ਹੁਣ ਬਿਰਥ ਅਵਸਥਾ ਵਿੱਚ ਚਲੇ ਗਏ ਹਨ। ਕਾਂਗਰਸ ਦਾ ਨਵਾਂ ਆਗੂ ਸਾਹਮਣੇ ਲਿਆਉਣ ਦੀ ਕਾਰਵਾਈ ਸੁਰੂ ਹੋਈ ਤਾਂ ਸ੍ਰੀਮਤੀ ਸੋਨੀਆਂ ਗਾਂਧੀ ਪੁੱਤਰ ਮੋਹ ਵਿੱਚ ਫਸ ਗਈ ਤੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਸਕੀਮਾਂ ਬਣਾਉਣੀਆਂ ਸੁਰੂ ਕਰ ਦਿੱਤੀਆਂ। ਪਾਰਟੀ ਵਿੱਚ ਇਹਨਾਂ ਸਕੀਮਾਂ ਨੂੰ ਸਾਜ਼ਿਸਾਂ ਵੀ ਕਿਹਾ ਗਿਆ ਅਤੇ ਅੰਦਰਖਾਤੇ ਬਹੁਤ ਵਿਰੋਧ ਵੀ ਹੋਇਆ। ਇੱਕ ਵਾਰ ਇਹ ਚਰਚਾ ਵੀ ਛਿੜੀ ਕਿ ਜੇਕਰ ਪ੍ਰਧਾਨਗੀ ਨਹਿਰੂ ਪਰਿਵਾਰ ਵਿੱਚ ਹੀ ਰੱਖਣੀ ਹੈ ਤਾਂ ਪ੍ਰਿਯੰਕਾ ਗਾਂਧੀ ਵਡੇਰਾ ਨੂੰ ਸੌਂਪੀ ਜਾਵੇ। ਬਹੁਤ ਕਾਂਗਰਸੀ ਆਗੂ ਸਮਝਦੇ ਸਨ ਕਿ ਬੀਬੀ ਪ੍ਰਿਯੰਕਾ ਆਪਣੀ ਦਾਦੀ ਇੰਦਰਾ ਗਾਂਧੀ ਦਾ ਰੂਪ ਹੀ ਵਿਖਾਈ ਦਿੰਦੀ ਹੈ ਅਤੇ ਸਿਆਸੀ ਸਮਝ ਵੀ ਰਖਦੀ ਹੈ, ਜਦੋਂ ਕਿ ਰਾਹੁਲ ਵਿੱਚ ਉਸਦੇ ਮੁਕਾਬਲੇ ਯੋਗ ਆਗੂ ਵਾਲੇ ਗੁਣ ਨਹੀਂ ਹਨ। ਸੋਨੀਆਂ ਗਾਂਧੀ ਪੁੱਤਰ ਮੋਹ ਵਿੱਚ ਇਸ ਕਦਰ ਫਸ ਚੁੱਕੀ ਸੀ, ਕਿ ਉਸਨੂੰ ਰਾਹੁਲ ਤੋਂ ਬਗੈਰ ਹੋਰ ਕੋਈ ਆਗੂ ਕਾਬਲ ਤੇ ਯੋਗ ਨਹੀਂ ਸੀ ਲਗਦਾ। ਰਾਹੁਲ ਨੂੰ ਪਾਰਟੀ ’ਚ ਉ¤ਚ
ਆਹੁਦਾ ਦੇ ਕੇ ਰਾਜਾਂ ਦੀਆਂ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਵੀ ਭੇਜਿਆ ਗਿਆ, ਪਰ ਉਸਦਾ ਕਿਸੇ ਵੀ ਰਾਜ ਵਿੱਚ ਕੋਈ ਪ੍ਰਭਾਵ ਨਾ ਬਣਿਆ ਤੇ ਜਿੱਥੇ ਜਿੱਥੇ ਉਹ ਗਿਆ ਉ¤ਥੇ ਹਾਰ ਹੀ ਪੱਲੇ ਪਈ। ਏਨਾ ਹੋਣ ਦੇ ਬਾਵਜੂਦ ਵੀ ਸੋਨੀਆਂ ਗਾਂਧੀ ਨੇ ਸਬਕ ਨਹੀਂ
ਲਿਆ ਅਤੇ ਰਾਹੁਲ ਨੂੰ ਹੀ ਪ੍ਰਧਾਨ ਬਣਾਉਣ ਲਈ ਯਤਨਸ਼ੀਲ ਰਹੀ। ਅਸੂਲਣ ਤੌਰ ਤੇ ਚੋਣਾਂ ਦਾ ਸਮਾਂ ਆਇਆ ਤਾਂ ਫੇਰ ਕਾਂਗਰਸ ਦੇ ਸੁਹਿਰਦ ਤੇ ਸਮਝਦਾਰ ਆਗੂਆਂ ਨੇ ਪਾਰਟੀ ਦੀ ਵਾਂਗਡੋਰ ਕਿਸੇ ਪੁਰਾਣੇ ਤੇ ਸਿਆਸੀ ਤੌਰ ਤੇ ਪਰਪੱਕ ਨੇਤਾ ਦੇ ਹੱਥ ਫੜਾਉਣ ਤੇ ਜੋਰ ਦਿੱਤਾ। ਉਹਨਾਂ ਇਕੱਠੇ ਹੋ ਕੇ ਆਪਣੇ ਵਿਚਾਰਾਂ ਤੋਂ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਜਾਣੂ ਕਰਵਾਇਆ।
ਸ੍ਰੀਮਤੀ ਗਾਂਧੀ ਤੇ ਪੁੱਤਰ ਮੋਹ ਇਸ ਕਦਰ ਭਾਰੂ ਪੈ ਚੁੱਕਾ ਹੈ, ਉਹ ਅਜਿਹੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ, ਉਹ ਤਾਂ ਸਿਰਫ਼ ਆਪਣੇ ਪੁੱਤਰ ਨੂੰ ਪਹਿਲਾਂ ਪਾਰਟੀ ਦਾ ਪ੍ਰਧਾਨ ਤੇ ਫੇਰ ਦੇਸ ਦਾ ਪ੍ਰਧਾਨ ਮੰਤਰੀ ਵੇਖਣ ਲਈ ਕਾਹਲੀ ਹੈ। ਸ੍ਰੀਮਤੀ ਗਾਂਧੀ ਨੂੰ ਇਹ
ਸਮਝ ਤਾਂ ਹੈ ਕਿ ਉਹ ਬਿਮਾਰੀ ਤੋਂ ਪੀੜ੍ਹਤ ਹੋਣ ਸਦਕਾ ¦ਬਾ ਸਮਾਂ ਪਾਰਟੀ ਨੂੰ ਸੰਭਾਲ ਨਹੀਂ ਸਕਦੀ ਅਤੇ ਉਹ ਆਪਣੇ ਚਲਦੇ ਫਿਰਦਿਆਂ ਰਾਹੁਲ ਨੂੰ ਪ੍ਰਧਾਨ ਨਾ ਬਣਾ ਸਕੀ ਤਾਂ ਮਗਰੋਂ ਬਣਨਾ ਸੰਭਵ ਨਹੀਂ ਹੋ ਸਕੇਗਾ, ਕਿਉਂਕਿ ਉਸ ਵਿੱਚ ਅਜਿਹਾ ਕੋਈ ਗੁਣ ਨਹੀਂ ਕਿ ਉਹ ਖ਼ੁਦ ਅਜਿਹਾ ਕਰ ਸਕੇ। ਜਿਹੜਾ ਵੀ ਆਗੂ ਰਾਹੁਲ ਦੇ ਯੋਗ ਨਾ ਹੋਣ ਦਾ ਇਸ਼ਾਰਾ ਕਰਦਾ ਹੈ ਉਸਨੂੰ ਜਲੀਲ ਕਰਕੇ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸੇ ਤਰ੍ਹਾਂ ਮਜਬੂਰ ਕੀਤਾ ਗਿਆ ਸੀ, ਜੋ ਪੰਜਾਬ ’ਚ ਕਾਂਗਰਸ ਦਾ ਸਭ ਤੋਂ ਸ਼ਕਤੀਸ਼ਾਲੀ ਲੀਡਰ ਸੀ। ਹੁਣ ਗੁਲਾਮ ਨਬੀ ਅਜ਼ਾਦ ਵੀ ਬਾਹਰ ਚਲੇ ਗਏ ਹਨ, ਜਿਹਨਾਂ ਦਹਾਕਿਆਂ ਤੋਂ ਕਾਂਗਰਸ ਦੀ ਮਜਬੂਤੀ ਲਈ ਮਿਹਨਤ ਕੀਤੀ ਹੈ। ਸ੍ਰੀ ਅਜ਼ਾਦ ਦਾ ਪਾਰਟੀ ਛੱਡਣਾ ਕਾਂਗਰਸ ਲਈ ਬਹੁਤ ਵੱਡਾ ਝਟਕਾ ਹੈ। ਨਿੱਤ ਦਿਨ ਕਾਂਗਰਸ ਦੇ ਆਗੂ ਅਸਤੀਫ਼ੇ ਦੇ ਰਹੇ ਹਨ। ਉਹ ਸਿਆਸਤ ਛੱਡ ਰਹੇ ਹਨ, ਜਾਂ ਫੇਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਨਹਿਰੂ ਪਰਿਵਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਹੁਲ ਪ੍ਰਧਾਨ ਮੰਤਰੀ ਤਾਂ ਹੀ ਬਣ ਸਕੇਗਾ ਜੇਕਰ ਉਹਨਾਂ ਦੀ ਸਰਕਾਰ ਬਣੇਗੀ, ਪਰ ਹਾਲਤ ਇਹ ਬਣੀ ਹੋਈ ਹੈ ਕਿ ਲੋਕਾਂ ਨੇ ਕਾਂਗਰਸ ਦੀ ਸਰਕਾਰ ਬਣਨ ਬਾਰੇ ਸੋਚਣ ਦਾ ਖਿਆਲ ਹੀ ਛੱਡ ਦਿੱਤਾ ਹੈ। ਹਰ ਹੱਟੀ ਭੱਠੀ ਗਲੀ ਕੂਚੇ ਵਿੱਚ ਇਹੋ ਚਰਚਾ ਹੈ ਕਿ ਭਾਜਪਾ ਦਾ ਮੁਕਾਬਲਾ ਤਾਂ ਕਾਂਗਰਸ ਹੀ ਕਰ ਸਕਦੀ ਸੀ, ਪਰ ਨਹਿਰੂ ਪਰਿਵਾਰ ਨੇ ਹਾਲਤ ਅਜਿਹੀ ਬਣਾ ਦਿੱਤੀ ਕਿ ਨਾ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਨਾ ਹੀ ਰਾਹੁਲ ਦੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪੂਰੀ ਹੋਵੇਗੀ। ਇਹ ਵੀ ਸੱਚਾਈ ਹੈ ਕਿ ਕਾਂਗਰਸ ਦਾ ਕਮਜੋਰ ਹੋਣਾ ਦੇਸ਼ ਲਈ ਘਾਤਕ ਹੈ, ਪਹਿਲੀ ਗੱਲ ਤਾਂ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਜਦੋਂ ਕਿ ਭਾਜਪਾ ਫਿਰਕਾਪ੍ਰਸਤ ਪਾਰਟੀ ਹੈ। ਭਾਰਤ ਵੱਖ ਵੱਖ ਧਰਮਾਂ ਕੌਮਾਂ ਦਾ ਦੇਸ਼ ਹੈ ਇਸ ਲਈ ਧਰਮ ਨਿਰਪੱਖ ਪਾਰਟੀ ਦੀ ਮਜਬੂਤੀ ਦੇਸ ਦੇ ਹਿਤ ਵਿੱਚ ਹੋ ਸਕਦੀ ਹੈ। ਦੂਜੀ ਗੱਲ ਕਿਸੇ ਵੀ ਦੇਸ ਦੀ ਵਿਰੋਧੀ ਧਿਰ ਦਾ ਮਜਬੂਤ ਹੋਣਾ ਵੀ ਦੇਸ ਦੇ ਭਲੇ ਵਿੱਚ ਹੁੰਦਾ ਹੈ। ਜੇਕਰ ਵਿਰੋਧੀ ਧਿਰ ਕਮਜੋਰ ਹੋਵੇ ਤਾਂ ਸੱਤ੍ਹਾਧਾਰੀ ਮਨਮਾਨੀਆਂ ਕਰਦੇ ਹਨ ਅਤੇ ਭਾਰਤ ਵਿੱਚ ਅਜਿਹਾ ਹੋ ਰਿਹਾ ਹੈ। ਭਾਜਪਾ ਆਗੂ ਪਾਰਟੀ ਨੂੰ ਤਕੜਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਕਾਂਗਰਸ ਦੇ ਮੁਖੀ ਆਗੂ ਪਾਰਟੀ ਨੂੰ ਕਮਜੋਰ ਕਰਨ ਦੇ ਰਾਹ ਤੁਰੇ ਹੋਏ ਹਨ।
ਕਾਂਗਰਸ ਪਾਰਟੀ ਵੱਲੋਂ ਕਿਸੇ ਤਜਰਬੇਕਾਰ ਤੇ ਸੂਝਵਾਨ ਆਗੂ ਨੂੰ ਪਾਰਟੀ ਦੀ ਵਾਂਗਡੋਰ ਸੰਭਾਲਣੀ ਚਾਹੀਦੀ ਹੈ। ਨਹਿਰੂ ਪਰਿਵਾਰ ਨੂੰ ਇੱਕ ਵਾਰ ਪਾਸੇ ਹਟ ਜਾਣਾ ਚਾਹੀਦਾ ਹੈ। ਜੇਕਰ ਮੁੜ ਕਾਂਗਰਸ ਮਜਬੂਤ ਹੋ ਜਾਂਦੀ ਹੈ ਤਾਂ ਨਹਿਰੂ ਪਰਿਵਾਰ ਫੇਰ ਮੂਹਰੇ ਆ ਸਕਦਾ ਹੈ। ਦੇਸ ਦੇ ਹਿਤਾਂ ਨੂੰ ਧਿਆਨ ਵਿੱਚ ਰਖਦਿਆਂ ਸ੍ਰੀਮਤੀ ਸੋਨੀਆਂ ਨੂੰ ਪੁੱਤਰ ਮੋਹ ਦਾ ਤਿਆਗ ਕਰਕੇ ਪਾਰਟੀ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਮੋਬਾ: 098882 75913

Total Views: 44 ,
Real Estate