ਭਾਜਪਾ ਦੇ ਕੇਂਦਰੀ ਮੰਤਰੀ ਮਿਸ਼ਰਾ ਨੇ ਟਿਕੈਤ ਨੂੰ ‘ਦੋ ਕੌੜੀ ਕਾ ਆਦਮੀ’ ਦੱਸਿਆ


ਲਖੀਮਪੁਰ ਖੀਰੀ ਹਿੰਸਾ ਕੇਸ ’ਚ ਸਾਲ ਤੋਂ ਜੇਲ੍ਹ ’ਚ ਹੈ ਮੰਤਰੀ ਦਾ ਮੁੰਡਾ

ਭਾਰਤੀ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਜਿਨ੍ਹਾਂ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਆਪਣੇ ਪੁੱਤਰ ਦੀ ਭੂਮਿਕਾ ਕਰ ਕੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਨੇ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ‘ਦੋ ਕੌੜੀ ਕਾ ਆਦਮੀ’ ਕਹਿ ਕੇ ਸੰਬੋਧਨ ਕੀਤਾ। ਉਸ ਦੀ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਰਿਹਾ ਹੈ। ਗ੍ਰਹਿ ਰਾਜ ਮੰਤਰੀ ਮਿਸ਼ਰਾ ਨੇ ਕਿਹਾ, ‘ਮੰਨ ਲਓ ਕਿ ਮੈਂ ਚੰਗੀ ਰਫ਼ਤਾਰ ਉਤੇ ਕਾਰ ਵਿਚ ਲਖਨਊ ਜਾ ਰਿਹਾ ਹਾਂ, ਰਾਹ ਵਿਚ ਕੁੱਤੇ ਭੌਂਕਦੇ ਹਨ ਤੇ ਗੱਡੀ ਦਾ ਪਿੱਛਾ ਕਰਦੇ ਹਨ, ਇਹ ਉਨ੍ਹਾਂ ਦਾ ਸੁਭਾਅ ਹੈ, ਮੈਂ ਉਸ ਬਾਰੇ ਕੁਝ ਨਹੀਂ ਕਹਾਂਗਾ ਕਿਉਂਕਿ ਸਾਡਾ ਸੁਭਾਅ ਅਜਿਹਾ ਨਹੀਂ ਹੈ। ਜਦ ਚੀਜ਼ਾਂ ਸਾਹਮਣੇ ਆਉਣਗੀਆਂ, ਮੈਂ ਸਾਰਿਆਂ ਨੂੰ ਜਵਾਬ ਦੇਵਾਂਗਾ। ਮੈਨੂੰ ਤੁਹਾਡੇ ਤੋਂ ਸਮਰਥਨ ਮਿਲਦੇ ਰਹਿਣ ਦਾ ਪੂਰਾ ਭਰੋਸਾ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਇੱਥੋਂ ਨੇੜਲੇ ਤਿਕੁਨੀਆ ਪਿੰਡ ਵਿਚ ਹੋਈ ਹਿੰਸਾ ’ਚ ਚਾਰ ਕਿਸਾਨਾਂ ਸਣੇ 8 ਜਣੇ ਮਾਰੇ ਗਏ ਸਨ। ਉੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਕਿਸਾਨਾਂ ਤੇ ਹੋਰਾਂ ਉਤੇ ਕਾਰ ਚੜ੍ਹਾ ਦਿੱਤੀ ਗਈ ਸੀ। ਇਸ ਕੇਸ ਵਿਚ ਮੰਤਰੀ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੁੱਖ ਮੁਲਜ਼ਮ ਹੈ। ਮੰਤਰੀ ਨੇ ਕਿਹਾ, ‘ਲੋਕ ਸਵਾਲ ਉਠਾਉਂਦੇ ਰਹਿਣਗੇ। ਕੁਝ ਬੇਵਕੂਫ਼ ਪੱਤਰਕਾਰ ਵੀ ਹਨ ਜਿਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਹੈ ਤੇ ਪੁੱਠੀਆਂ-ਸਿੱਧੀਆਂ ਗੱਲਾਂ ਕਰ ਕੇ ਸਿਰਫ਼ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਹਨ।’ ਮਿਸ਼ਰਾ ਨੇ ਕਿਹਾ, ‘ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ‘ਦੋ ਕੌੜੀ ਕਾ ਆਦਮੀ ਹੈ’। ਉਸ ਨੇ ਦੋ ਵਾਰ ਚੋਣ ਲੜੀ ਤੇ ਜ਼ਮਾਨਤ ਤੱਕ ਜ਼ਬਤ ਹੋ ਗਈ। ਜੇਕਰ ਅਜਿਹਾ ਵਿਅਕਤੀ ਕਿਸੇ ਦਾ ਵਿਰੋਧ ਕਰਦਾ ਹੈ, ਤਾਂ ਉਸ ਦਾ ਕੋਈ ਮੁੱਲ ਨਹੀਂ ਹੈ, ਤੇ ਇਸੇ ਲਈ ਮੈਂ ਅਜਿਹੇ ਲੋਕਾਂ ਨੂੰ ਜਵਾਬ ਨਹੀਂ ਦਿੰਦਾ ਕਿਉਂਕਿ ਇਸ ਦੀ ਕੋਈ ਤੁਕ ਨਹੀਂ ਹੈ। ਉਹ (ਟਿਕੈਤ) ਇਸੇ ਢੰਗ ਨਾਲ ਆਪਣੀ ਸਿਆਸਤ ਕਰਦਾ ਹੈ ਤੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਨੂੰ ਸਮਾਂ ਆਉਣ ’ਤੇ ਜਵਾਬ ਦਿੱਤਾ ਜਾਵੇਗਾ।’
ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੀਆਂ ਟਿੱਪਣੀਆਂ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਉਸ ਦਾ ਗੁੱਸੇ ਹੋਣਾ ਸੁਭਾਵਿਕ ਹੈ ਕਿਉਂਕਿ ਉਸ ਦਾ ਪੁੱਤਰ ਪਿਛਲੇ ਇਕ ਸਾਲ ਤੋਂ ਜੇਲ੍ਹ ਵਿਚ ਹੈ।’ 

Total Views: 443 ,
Real Estate