
ਹਰ ਐਤਵਾਰ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਘਰ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਪਹੁੰਚ ਰਹੇ ਹਨ । ਇਸੇ ਦੌਰਾਨ ਪ੍ਰਸੰਸ਼ਕਾਂ ਨਾਲ ਗੱਲ ਕਰਦਿਆਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠਣਗੇ। ਚਰਨ ਕੌਰ ਨੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਸਾਡੇ ਸਿੱਧੂ ਨੂੰ ਇਨਸਾਫ਼ ਦਿਵਾਉਂ ਲਈ ਕੈਂਡਲ ਮਾਰਚ ਕਰਨ ਅਤੇ ਜੇ ਫਿਰ ਵੀ ਕੋਈ ਗੱਲ ਨਾ ਬਣੀ ਤਾਂ ਅਸੀਂ ਸਾਰੇ ਸੜਕਾਂ ‘ਤੇ ਉੱਤਰਾਂਗੇ। ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰ ਪਿੰਡ ‘ਚ ਕੈਂਡਲ ਮਾਰਚ ਕੱਢਿਆ ਜਾਵੇ।ਚਰਨ ਕੌਰ ਨੇ ਕਿਹਾ ਕਿ ਉਹਨਾਂ ਦੇ ਪੁੱਤ ਨੇ ਕੋਈ ਗਲਤੀ ਨਹੀਂ ਕੀਤੀ ਸੀ, ਉਹਨਾਂ ਦਾ ਪੁੱਤ ਤਾਂ ਭਗਤ ਸੀ, ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਪੁੱਤ ਮਹਾਨ ਸੀ, ਜਿਸ ਨੇ ਕੋਈ ਵੀ ਗੁਨਾਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਡਰਪੋਕ ਸਨ ਜਿਨ੍ਹਾਂ ਨੇ ਸਿੱਧੂ ਨੂੰ ਘੇਰ ਕੇ ਮਾਰਿਆ ਹੈ। ਉਨ੍ਹਾਂ ਦੇ ਪੁੱਤ ਨੂੰ ਅਜਿਹੀ ਮੌਤ ਦੇਣ ਵਾਲਿਆਂ ਨੂੰ ਮੈਂ ਬਦਦੁਆ ਦਿੰਦੀ ਹਾਂ। ਇਸ ਦੇ ਨਾਲ ਹੀ ਚਰਨ ਕੌਰ ਨੇ ਅਪਣੀ ਬਣਨ ਵਾਲੀ ਨੂੰਹ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਜੋ ਮੇਰੀ ਨੂੰਹ ਬਣਨ ਵਾਲੀ ਸੀ ਉਸ ਦਾ ਹਾਲ ਦੇਖ ਕੇ ਸਾਡਾ ਖੂਨ ਰੋਜ਼ ਉਬਾਲੇ ਮਾਰਦਾ ਹੈ ਕਿਉਂਕਿ ਉਹ ਵੀ ਕਿਸੇ ਦੀ ਧੀ-ਭੈਣ ਹੈ ਉਹ ਨਾ ਇੱਧਰ ਦੀ ਰਹੀ ਨਾ ਉਧਰ ਦੀ ਉਸ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਮੂਸੇਵਾਲਾ ਦੀ ਮਾਤਾ ਨੇ ਸਰਕਾਰ ‘ਤੇ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਉਮੀਦ ਨਹੀਂ ਹੈ ਕਿ ਸਰਕਾਰ ਸਿੱਧੂ ਨੂੰ ਇਨਸਾਫ਼ ਦਿਵਾਏਗੀ ਪਰ ਉਹ ਇਨਸਾਫ਼ ਲੈ ਕੇ ਰਹਿਣਗੇ।



















