
ਬਠਿੰਡਾ, 14 ਅਗਸਤ, ਬਲਵਿੰਦਰ ਸਿੰਘ ਭੁੱਲਰ
ਔਰਤਾਂ ਨੂੰ ਵਧੇਰੇ ਹੱਕ ਹਕੂਕ ਦੇਣ ਜਾਂ ਸੰਸਥਾਵਾਂ ਵਿੱਚ ਰਾਖਵਾਂਕਰਨ ਦੀ ਗੱਲ ਤਾਂ ਹਰ ਦੇਸ ਵਿੱਚ ਕੀਤੀ ਜਾ ਰਹੀ ਹੈ, ਪਰ ਇਹਨਾਂ ਤੇ ਪਹਿਰਾ ਨਹੀਂ ਦਿੱਤਾ ਜਾਂਦਾ। ਨਿਊਜੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਨੇ ਔਰਤਾਂ ਨੂੰ ਅਜਿਹਾ ਮਾਣ ਬਖ਼ਸ ਕੇ ਨਿਵੇਕਲੀ ਪਿਰਤ ਦੀ ਸੁਰੂਆਤ ਕਰ ਦਿੱਤੀ ਹੈ। ਕੇਵਲ ਔਰਤਾਂ ਨੂੰ ਅਗਵਾਈ ਸੰਭਾਲਣ ਵਾਲੀ ਉਹ ਦੁਨੀਆਂ ਦੀ ਪਹਿਲੀ ਸੰਸਥਾ ਬਣ ਗਈ ਹੈ।
ਨਿਊਜੀਲੈਂਡ ਵਿੱਚ 43 ਸਾਲ ਪਹਿਲਾਂ ਹੋਂਦ ਵਿੱਚ ਆਈ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਦੀ ਪ੍ਰਬੰਧਕ ਕਮੇਟੀ ਦੀ ਦੋ ਸਾਲਾਂ ਲਈ ਚੋਣ ਹੋਣੀ ਸੀ, ਜਿਸਦਾ ਚੋਣ ਇਜਲਾਸ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਰੱਖਿਆ ਗਿਆ। ਇਸ ਮੌਕੇ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਮਤਾ ਪੇਸ ਕੀਤਾ ਕਿ ਜੇਕਰ ਔਰਤਾਂ ਘਰਾਂ ਦੀ ਸਮੁੱਚੀ ਜੁਮੇਵਾਰੀ ਤਨਦੇਹੀ ਨਾਲ ਸੰਭਾਲ ਸਕਦੀਆਂ ਹਨ ਤਾਂ ਗੁਰੂ ਘਰ ਦੀ ਜੁਮੇਵਾਰੀ ਵੀ ਸੰਭਾਲ ਸਕਦੀਆਂ ਹਨ। ਇਸ ਮਤੇ ਨੂੰ ਇਜਲਾਸ ਵਿੱਚ ਪਹੁੰਚੀ ਸੰਗਤ ਨੇ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਉਪਰੰਤ ਹੋਈ ਚੋਣ ਵਿੱਚ ਸਾਰੇ ਅਹੁਦੇ ਔਰਤਾਂ ਨੂੰ ਸੰਭਾਲ ਦਿੱਤੇ, ਜਿਸ ਅਨੁਸਾਰ ਕਮੇਟੀ ਦੀ ਪ੍ਰਧਾਨ ਜਸਵੀਰ ਕੌਰ, ਮੀਤ ਪ੍ਰਧਾਨ ਕੁਲਦੀਪ ਕੌਰ, ਸਹਾਇਕ ਸਕੱਤਰ ਹਰਵਿੰਦਰ ਕੌਰ, ਈਵੈਡ ਆਰਗੇਨਾਈਜਰ ਅਰਵਿੰਦਰ ਕੌਰ ਅਤੇ ਕਾਰਜਕਾਰੀ ਮੈਂਬਰ ਮਹਿੰਦਰ ਕੌਰ ਚੁਣੀ ਗਈ। ਇਸੇ ਤਰ੍ਹਾਂ ਸਿੱਖ ਹੈਰੀਟੇਜ ਸਕੂਲ ਦੀ ਚੇਅਰਪਰਸਨ ਕੁਲਜੀਤ ਕੌਰ, ਪ੍ਰਧਾਲ ਮਨਦੀਪ ਕੌਰ, ਸੈਕਟਰੀ ਪ੍ਰਿ: ਕੰਵਲਪ੍ਰੀਤ ਕੌਰ ਪੰਨ ਚੁਣੀਆਂ ਗਈਆਂ। ਇਸੇ ਤਰ੍ਹਾਂ ਨਿਊਜੀਲੈਂਡ ਵਿੱਚ ਪੈਦਾ ਹੋਈਆਂ ਤੇ ਪ੍ਰਵਾਨ ਚੜੀਆਂ ਲੜਕੀਆਂ ਚੋਂ ਦਿਲਰਾਜ ਕੌਰ ਬੋਲੀਨਾ ਪ੍ਰਧਾਨ, ਜਾਨਵੀਰ ਕੌਰ ਸੈਕਟਰੀ, ਚੰਦਨਦੀਪ ਕੌਰ ਖਜਾਨਚੀ ਚੁਣੀਆਂ ਗਈਆਂ। ਸੁਪਰੀਮ ਸਿੱਖ ਸੁਸਾਇਟੀ ਦੇ ਕਿੰਡਰਗਾਰਟਨ ਜਾਣੀ ਕਿ ਚਿਲਡ ਚਆਇਸ ਟਰੱਸਟ ਕਮੇਟੀ ਲਈ ਪ੍ਰਿ: ਕੰਵਲਪ੍ਰੀਤ ਕੌਰ ਪੰਨੂ ਪ੍ਰਧਾਨ ਤੇ ਸਰਬਜੀਤ ਕੌਰ ਮੀਤ ਪ੍ਰਧਾਨ ਚੁਣੀਆਂ ਗਈਆਂ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਸੁਸਾਇਟੀ ਦੇ 560 ਵਿੱਤ ਮੈਂਬਰ ਹਨ ਅਤੇ 81 ਬੋਰਡ ਆਫ਼ ਟਰੱਸਟੀ ਹਨ। ਸਾਲਾਨਾ ਬੱਜਟ ਵੀ 5 ਮਿਲੀਅਨ ਡਾਲਰ ਦੇ ਕਰੀਬ ਹੈ। ਇਸ ਸੰਸਥਾ ਵੱਲੋਂ ਔਰਤਾਂ ਨੂੰ ਦਿੱਤੇ ਮਾਣ ਸਤਿਕਾਰ ਅਤੇ ਉਹਨਾਂ ਦੇ ਮੋਢਿਆਂ ਤੇ ਜੁਮੇਵਾਰੀ ਦੇ
ਰੱਖੇ ਭਾਰ ਦੀ ਦੁਨੀਆਂ ਭਰ ਵਿੱਚ ਚਰਚਾ ਹੋ ਰਹੀ ਹੈ।



















