ਮਜੀਠੀਆ ਦੀ ਜ਼ਮਾਨਤ ਮਗਰੋਂ ਆਪ ਦੁਆਲੇ ਹੋਏ ਸੁਖਜਿੰਦਰ ਰੰਧਾਵਾ “5 ਮਹੀਨੇ ਚਲਾਨ ਕਿਉਂ ਨੀਂ ਪੇਸ਼ ਹੋਇਆ”

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਣ ‘ਤੇ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ। ਮਜੀਠੀਆ ‘ਤੇ ਜਦੋਂ ਐੱਫਆਈਆਰ ਦਰਜ ਹੋਈ ਸੀ, ਉਸ ਸਮੇਂ ਗ੍ਰਹਿ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਨੂੰ ਮਿਲੀ ਜ਼ਮਾਨਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ 75:25 ਦੀ ਗੇਮ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ, ਕੇਜਰੀਵਾਲ ਅਤੇ ਭਗਵੰਤ ਮਾਨ ਕਿਹਾ ਕਰਦੇ ਸਨ ਕਿ ਜੇ ਕਾਂਗਰਸ ਨੇ ਮਜੀਠੀਆ ਨੂੰ ਅੰਦਰ ਨਾ ਕੀਤਾ ਤਾਂ ਉਸ ਦੀ ਸਰਕਾਰ ਆਉਣ ‘ਤੇ ਉਹ ਅਜਿਹਾ ਕਰਨਗੇ। ਕਾਂਗਰਸ ਸਰਕਾਰ ‘ਚ ਮਜੀਠੀਆ ਤਾਂ ਅੰਦਰ ਚਲਾ ਗਿਆ ਪਰ ‘ਆਪ’ ਸਰਕਾਰ 5 ਮਹੀਨਿਆਂ ‘ਚ ਕੋਰਟ ‘ਚ ਚਲਾਨ ਤਕ ਪੇਸ਼ ਨਹੀਂ ਕਰ ਸਕੀ। ਰੰਧਾਵਾ ਨੇ ਕਿਹਾ, ‘ਮੈਂ ਹਾਈ ਕੋਰਟ ਦੇ ਕਮੈਂਟਸ ‘ਤੇ ਕੁਝ ਨਹੀਂ ਕਹਿ ਸਕਦਾ ਪਰ ਉਨ੍ਹਾਂ ਲੋਕਾਂ ਨੂੰ ਜਵਾਬ ਜ਼ਰੂਰ ਦੇਣਾ ਚਾਹਾਂਗਾ ਜੋ ਕਹਿੰਦੇ ਹਨ ਕਿ ਕਮਜ਼ੋਰ ਐੱਫਆਈਆਰ ਦਰਜ ਕੀਤੀ ਗਈ। ਜੇ ਐੱਫਆਈਆਰ ਕਮਜ਼ੋਰ ਹੁੰਦੀ ਤਾਂ ਮਜੀਠੀਆ ਨੂੰ ਸੁਪਰੀਮ ਕੋਰਟ ਤਕ ਨਹੀਂ ਜਾਣਾ ਪੈਂਦਾ। ਸੁਪਰੀਮ ਕੋਰਟ ਤੋਂ ਵੀ ਮਜੀਠੀਆ ਨੂੰ ਰਾਹਤ ਨਹੀਂ ਮਿਲੀ। ਕੋਰਟ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਨੂੰ ਖੁਦ ਨੂੰ ਸਰੈਂਡਰ ਕਰਨਾ ਪਿਆ।’ ਰੰਧਾਵਾ ਨੇ ਕਿਹਾ, ’24 ਫਰਵਰੀ ਨੂੰ ਮਜੀਠੀਆ ਜੇਲ੍ਹ ਚਲੇ ਗਏ। ਉਸ ਸਮੇਂ ਵੋਟਾਂ ਪੈ ਚੁੱਕੀਆਂ ਸਨ ਅਤੇ ਚੋਣ ਜ਼ਾਬਤਾ ਲਾਗੂ ਸੀ। 16 ਮਾਰਚ ਨੂੰ ਭਗਵੰਤ ਮਾਨ ਮੁੱਖ ਮੰਤਰੀ ਦੀ ਸਹੁੰ ਚੁੱਕਦੇ ਹਨ। ਬਾਅਦ ਵਿਚ ਉਹ ਇਸ ਮਾਮਲੇ ਵਿਚ ਨਵੀਂ ਐੇੱਸਆਈਟੀ ਦਾ ਗਠਨ ਕਰਦੇ ਹਨ। ਹੁਣ ਜਵਾਬ ਉਨ੍ਹਾਂ ਨੂੰ ਦੇਣਾ ਪਵੇਗਾ ਕਿ ਨਵੀਂ ਐੱਸਆਈਟੀ ਨੇ ਆਖ਼ਰ ਕੋਰਟ ਵਿਚ ਚਲਾਨ ਕਿਉਂ ਨਹੀਂ ਪੇਸ਼ ਕੀਤਾ। ਜਦੋਂ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਲੈ ਸਕਦੀ ਹੈ ਤਾਂ ਫਿਰ ਇੰਨੇ ਦਿਨਾਂ ਤਕ ਪੁਲਿਸ ਨੇ ਮਜੀਠੀਆ ਦਾ ਰਿਮਾਂਡ ਕਿਉਂ ਨਹੀਂ ਮੰਗਿਆ। ਇਹ 75:25 ਦੀ ਗੇਮ ਨਹੀਂ ਤਾਂ ਹੋਰ ਕੀ ਹੈ। ‘ਆਪ’ ਸਰਕਾਰ ਨੂੰ ਜਵਾਬ ਦੇਣਾ ਹੋਵੇਗਾ ਕਿ ਆਖਰ ਉਨ੍ਹਾਂ ਕੀਤਾ ਕੀ ਇਸ ਕੇਸ ਵਿਚ।

Total Views: 158 ,
Real Estate