ਪੇਈਚਿੰਗ ਵੱਲੋਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਤਾਇਪੇ ਦੀ ਫੇਰੀ ਤੋਂ ਨਾਰਾਜ਼ ਚੀਨ ਨੇ ਅੱਜ ਤਾਇਵਾਨ ਦੀ ਘੇਰਾਬੰਦੀ ਕਰਦਿਆਂ ਟਾਪੂਨੁਮਾ ਮੁਲਕ ਦੇ ਜਲਡਮਰੂ ਵਾਲੇ ਖੇਤਰ ਵਿੱਚ ਜੰਗੀ ਮਸ਼ਕਾਂ ਕਰਕੇ ਮਿੱਥੇ ਨਿਸ਼ਾਨਿਆਂ ’ਤੇ ਮਿਜ਼ਾਈਲਾਂ ਦਾਗ਼ੀਆਂ। ਦੁਪਹਿਰ ਇਕ ਵਜੇ ਦੇ ਕਰੀਬ ਪੀਐੱਲਏ ਦੀ ਈਸਟਰਨ ਥੀਏਟਰ ਕਮਾਂਡ, ਜੋ ਤਾਇਵਾਨ ਤੇ ਨੇੜਲੇ ਇਲਾਕਿਆਂ ਦੀ ਨਿਗਰਾਨੀ ਡਿਊਟੀ ਵਿਚ ਤਾਇਨਾਤ ਹੈ, ਨੇ ਇਸ ਜੰਗੀ ਮਸ਼ਕ ਨੂੰ ਅੰਜਾਮ ਦਿੱਤਾ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਵੀਰਵਾਰ ਬਾਅਦ ਦੁਪਹਿਰ ਤਾਇਵਾਨ ਜਲਡਮਰੂ ਦੇ ਪੂਰਬੀ ਹਿੱਸੇ ਵਿੱਚ ਮਿੱਥੇ ਖੇਤਰਾਂ ’ਤੇ ਬੰਬਾਰੀ ਕੀਤੀ ਤੇ ਮਿਜ਼ਾਈਲਾਂ ਦਾਗ਼ੀਆਂ। ਸਰਕਾਰੀ ਰੋਜ਼ਨਾਮਚੇ ‘ਚਾਈਨਾ ਡੇਲੀ’ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਜੰਗੀ ਮਸ਼ਕ ਆਪਣੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ। ਰਿਪੋਰਟ ਮੁਤਾਬਕ ਪੀਐੱਲੲੇ ਦੇ ਜ਼ਮੀਨੀ ਬਲਾਂ ਨੇ ਮਸ਼ਕ ਦੌਰਾਨ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਤੋਪਖਾਨੇ ਤੇ ਮਲਟੀਪਲ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ।
ਚੀਨ ਨੇ ਤਾਇਵਾਨ ’ਤੇ ਕਦੇ ਕੰਟਰੋਲ ਨਹੀਂ ਕੀਤਾ, ਪਰ ਉਹ ਇਸ ਨੂੰ ਆਪਣੇ ਭੂ-ਖੰਡ ਦੇ ਹਿੱਸੇ ਵਜੋਂ ਵੇਖਦਾ ਹੈ। ਪੇਲੋਸੀ ਦੀ ਤਾਇਵਾਨ ਫੇਰੀ, ਜੋ ਪਿਛਲੇ ਢਾਈ ਦਹਾਕਿਆਂ ਵਿੱਚ ਕਿਸੇ ਮੌਜੂਦਾ ਅਮਰੀਕੀ ਸਪੀਕਰ ਦਾ ਪਲੇਠਾ ਦੌਰਾ ਹੈ, ਦੇ ਹਵਾਲੇ ਨਾਲ ਚੀਨ ਨੇ ਬਾਇਡਨ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਦਾ ਚੀਨ-ਅਮਰੀਕਾ ਰਿਸ਼ਤਿਆਂ ਦੀ ਸਿਆਸੀ ਬੁਨਿਆਦ ’ਤੇ ਵੱਡਾ ਅਸਰ ਪੲੇਗਾ।
ਆਪਣੀ ਤਾਇਵਾਨ ਫੇਰੀ ਨਾਲ ਚੀਨ ਨੂੰ ਗੁੱਸਾ ਚੜ੍ਹਾਉਣ ਮਗਰੋਂ ਦੱਖਣੀ ਕੋਰੀਆ ਪੁੱਜੀ ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਸਿਓਲ ਵਿੱਚ ਸਿਆਸੀ ਆਗੂਆਂ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਪੇਈਚਿੰਗ ਤੇ ਤਾਇਪੇ ਨਾਲ ਰਿਸ਼ਤਿਆਂ ਨੂੰ ਲੈ ਕੇ ਕੋਈ ਸਿੱਧੀ ਟਿੱਪਣੀ ਕਰਨ ਤੋਂ ਟਾਲਾ ਵੱਟੀ ਰੱਖਿਆ।
ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੇ ਜਵਾਬ ਵਿੱਚ ਚੀਨੀ ਜਲ ਸੈਨਾ ਵੱਲੋਂ ਮਿਜ਼ਾਈਲਾਂ ਦਾਗ਼ਣ ਤੋਂ ਬਾਅਦ ਤਾਇਵਾਨ ਨੇ ਅੱਜ ਕਈ ਉਡਾਣਾਂ ਰੱਦ ਕਰ ਦਿੱਤੀਆਂ। ਚੀਨ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਚੀਨ ਨੇ ਵੀ ਸਮੁੰਦਰੀ ਤੇ ਹਵਾਈ ਜਹਾਜ਼ਾਂ ਨੂੰ ਫੌਜੀ ਅਭਿਆਸ ਦੌਰਾਨ ਆਪਣੀਆਂ ਸੇਵਾਵਾਂ ਠੱਪ ਰੱਖਣ ਦੇ ਹੁਕਮ ਦਿੱਤੇ ਸਨ।
WATCH: PLA Eastern Theater Command Rocket Force launched conventional missiles to designated waters in the east of the island of Taiwan on Thu pic.twitter.com/WpFURLeN8X
— Global Times (@globaltimesnews) August 4, 2022