
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ‘ਚ ਕੋਠੀ ਅੱਗੇ ਕਰੀਬ ਡੇਢ ਮਹੀਨੇ ਤੋਂ ਪੱਕੇ ਰੋਸ ਧਰਨੇ ‘ਤੇ ਬੈਠੇ ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਵਿਚੋਂ ਮਰਨ ਵਰਤ ਉੱਤੇ ਬੈਠੇ ਦੋ ਉਮੀਦਵਾਰਾਂ ਵੱਲੋਂ ਜੁਆਇਨਿੰਗ ਪੱਤਰ ਨਾ ਮਿਲਣ ਕਾਰਨ ਗੁਰਦੀਪ ਸਿੰਘ ਪਿੰਡ ਬੱਲਰਾਂ ਜ਼ਿਲ੍ਹਾ ਸੰਗਰੂਰ ਨੇ ਕੱਲ੍ਹ ਦੇਰ ਰਾਤ ਗਲ ਫਾਹਾ ਲਗਾ ਕੇ ਅਤੇ ਗੁਰਜੀਤ ਸਿੰਘ ਪਿੰਡ ਲਹਿਲ ਖ਼ੁਰਦ ਜ਼ਿਲ੍ਹਾ ਸੰਗਰੂਰ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਹ ਬੇਰੁਜ਼ਗਾਰ ਪੰਜਾਬ ਪੁਲਿਸ ਦੀ ਸਾਲ 2016 ਦੀ ਅਧੂਰੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੰਗਰੂਰ ਵਿਖੇ ਕਰੀਬ ਡੇਢ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ।
ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਦੇ ਪ੍ਰਧਾਨ ਅਨੁਸਾਰ ਗੁਰਜੀਤ ਸਿੰਘ ਲਹਿਲ ਖ਼ੁਰਦ ਜ਼ਿਲ੍ਹਾ ਸੰਗਰੂਰ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਜਦਕਿ ਦੂਜੇ ਉਮੀਦਵਾਰ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਖੇਤ ਵਿਚ ਪਹਿਲਾਂ ਮੋਟਰ ਦੀ ਤਾਰ ਨੂੰ ਹੱਥ ਲਾਇਆ ਪਰੰਤੂ ਬਿਜਲੀ ਨਾ ਹੋਣ ਕਾਰਨ ਬਚਾਓ ਹੋ ਗਿਆ ਫੇਰ ਉਸਨੇ ਆਪਣੀ ਪੱਗ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ਤੇ ਪਤਾ ਲੱਗਣ ਤੇ ਬੇਰੁਜ਼ਗਾਰਾਂ ਵੱਲੋਂ ਉਸਨੂੰ ਰੋਕਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ।
ਪਿਛਲੇ ਕਰੀਬ ਡੇਢ ਮਹੀਨੇ ਤੋਂ ਪੁਲੀਸ ਭਰਤੀ 2016 ਦੀ ਵੇਟਿੰਗ ਅਤੇ 2017 ਦੀ ਵੈਰੀਫਿਕੇਸ਼ਨ ਕਲੀਅਰ ਕਰਕੇ ਨਿਯੁਕਤੀ ਦੀ ਮੰਗ ਕਰ ਰਹੇ ਹਨ। 2016 ਵਿਚ 7416 ਅਸਾਮੀਆਂ ਦੀ ਭਰਤੀ ਕੀਤੀ ਗਈ ਸੀ। ਇਹ ਮਾਮਲਾ ਪਿਛਲੇ 6 ਸਾਲਾਂ ਤੋਂ ਲਟਕਿਆ ਹੋਇਆ ਹੈ। ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਬਿਨੈਕਾਰਾਂ ਦੀ ਪਹਿਲਾਂ ਹੀ ਤਸਦੀਕ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ।



















