ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਫਰਿਜ਼ਨੋ ਵਿਖੇ ਲੋਕ ਅਰਪਣ


“ਨਾਮਵਰ ਸਾਹਿੱਤਕਾਰਾ, ਗਾਇਕਾ, ਗੀਤਕਾਰਾਂ, ਪੱਤਰਕਾਰਾਂ ਅਤੇ ਸਹਿਯੋਗੀਆਂ ਨੇ ਬੰਨੇ ਰੰਗ”
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੇਫੋਰਨੀਆਂ)
ਬੀਤੇ ਦਿਨੀ “ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ” ਵੱਲੋ ਪੰਜਾਬੀ ਮਾਂ ਬੋਲੀ ਦੇ ਸਪੂਤ ਅਸ਼ੋਕ ਬਾਂਸਲ ਮਾਨਸਾ ਦੀ ਪੰਜਾਬੀ ਗੀਤਕਾਰੀ ਨੂੰ ਸਮਰਪਿਤ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਨੂੰ ਸਥਾਨਿਕ ਵਿਸਟਰਨ ਟਰੱਕਿੰਗ ਵਾਲੇ ਮਿੰਟੂ ਉੱਪਲੀ ਦੇ ਦਫਤਰ ਵਿਖੇ ਖੁੱਲ੍ਹੇ ਸਮਾਗਮ ਰਾਹੀ ਲੋਕ ਅਰਪਣ ਕੀਤੀ ਗਈ। ਇਹ 207 ਸਫਿਆਂ ਦੀ ਪੁਸਤਕ ਗੁੱਡ-ਵਿੱਲ ਪਬਲੀਕੇਸ਼ਨ ਮਾਨਸਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਉੱਘੇ ਗੀਤਕਾਰ ਬਾਬੂ ਸਿੰਘ ਮਾਨ ਨੇ ਇੱਕ ਕਵਿਤਾ ਦੇ ਰੂਪ ਵਿੱਚ ਅਸ਼ੋਕ ਬਾਂਸਲ ਮਾਨਸਾ ਲਈ ਬਹੁਤ ਪਿਆਰੇ ਸ਼ਬਦ ਲਿਖੇ ਹਨ।  ਜੋ ਕਿਤਾਬ ਦੇ ਪਿਛਲੇ ਪੰਨੇ ‘ਤੇ ਉੱਕਰੇ, ਕਿਤਾਬ ਨੂੰ ਹੋਰ ਵੀ ਚਾਰਚੰਨ ਲਾਉਂਦੇ ਹਨ। ਇਸ ਕਿਤਾਬ ਵਿੱਚ ਅਜ਼ਾਦੀ ਤੋਂ ਪਹਿਲਾ ਦੇ ਵੀਹ ਉਹਨਾਂ ਗੀਤਕਾਰਾਂ ਦੀ ਜ਼ਿੰਦਗੀ ਦਰਜ ਕੀਤੀ ਗਈ ਹੈ, ਜਿਹੜੇ ਗੁੰਮਨਾਮ ਹੋ ਗਏ ਸਨ। ਇਸ ਪੁਸਤਕ ਨੂੰ ਐਨੇ ਰੌਚਿਕ ਢੰਗ ਨਾਲ ਲਿਖਿਆ ਗਿਆ ਹੈ ਕਿ ਪਾਠਕ ਦਾ ਜੀਅ ਕਰਦਾ ਇੱਕੋ ਬੈਠਕ ਵਿੱਚ ਪੜ੍ਹਕੇ ਉੱਠਾਂ। ਇਸ ਸਮਾਗਮ ਵਿੱਚ ਜਿੱਥੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਭਰਵੀ ਹਾਜ਼ਰੀ ਰਹੀ, ਓਥੇ ਦੂਰ ਦੁਰਾਡੇ ਤੋਂ ਗਾਇਕਾਂ,ਗੀਤਕਾਰਾਂ, ਪੱਤਰਕਾਰਾਂ, ਲੇਖਕਾਂ ਅਤੇ ਰੇਡੀਓ ਹੋਸਟਾਂ ਨੇ ਵੀ ਸ਼ਮੂਲੀਅਤ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਇਆ। ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ‘ਤੇ ਪੰਛੀ ਝਾਤ ਪਵਾਉਂਦਿਆਂ ਸਭਨਾਂ ਨੂੰ ਨਿੱਘਾ ਜੀ ਆਇਆ ਆਖਕੇ ਕੀਤੀ। ਇਸ ਉਪਰੰਤ ਦਿਲਾਵਰ ਚਾਹਲ, ਰਣਜੀਤ ਗਿੱਲ (ਜੱਗਾ), ਸ਼ਾਇਰ ਹਰਜਿੰਦਰ ਕੰਗ,  ਸਾਧੂ ਸਿੰਘ ਸੰਘਾ, ਸੰਤੋਖ ਮਨਿਹਾਸ, ਐਚ. ਐਸ. ਭਜਨ  ਅਤੇ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ ਆਦਿ ਨੇ ਕਿਤਾਬ ਸਬੰਧੀ ਆਪਣੀ ਵਿਚਾਰ ਰੱਖੇ। ਇਸ ਉਪਰੰਤ ਅਸ਼ੋਕ ਬਾਂਸਲ ਮਾਨਸਾ ਨੇ ਆਏ ਸਮੂੰਹ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇ ਉਹਨਾਂ ਦੀ ਜ਼ਿੰਦਗੀ ਦੀ ਵੀਹ ਸਾਲ ਦੀ ਖੋਜ ਤੋ ਬਾਅਦ ਇਹ ਕਿਤਾਬ ਹੋਂਦ ਵਿੱਚ ਆਈ। ਉਹਨਾਂ ਦੱਸਿਆ ਬਹੁਤ ਸਾਰੇ ਗੀਤ ਜਿੰਨਾ ਨੂੰ ਲੋਕ, ਲੋਕ-ਗੀਤ ਹੀ ਸਮਝਦੇ ਰਹੇ, ਮੈ ਉਹਨਾਂ ਗੀਤਾਂ ਦੇ ਰਚਣਹਾਰਾਂ ਨੂੰ ਸਬੂਤਾਂ ਸਮੇਤ ਲੱਭਕੇ ਇਸ ਕਿਤਾਬ ਵਿੱਚ ਅੰਕਿਤ ਕੀਤਾ ਹੈ। ਉਹਨਾਂ ਕਿਹਾ ਕਿ ਹਰਇੱਕ ਉਸ ਪੰਜਾਬੀ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ, ਜਿਸਦਾ ਪੰਜਾਬੀ ਸੰਗੀਤ ਨਾਲ ਥੋੜਾ ਬਹੁਤ ਵੀ ਵਾਹ ਵਾਸਤਾ ਹੈ। ਇਸ ਉਪਰੰਤ ਸੌਗੀ ਕਿੰਗ ਸ. ਚਰਨਜੀਤ ਸਿੰਘ ਬਾਠ, ਪੀਸੀਏ ਮੈਂਬਰ, ਇੰਡੋ ਯੂਐਸਏ ਹੈਰੀਟੇਜ ਫਰਿਜ਼ਨੋ ਦੇ ਮੈਂਬਰ, ਗੁੱਲੂ ਬਰਾੜ, ਹਾਕਮ ਸਿੰਘ ਢਿੱਲੋ, ਮਿੰਟੂ ਉੱਪਲੀ, ਜੱਸੀ ਸਟੋਨ ਟਰੱਕਿੰਗ, ਐਚ. ਐਸ. ਭਜਨ, ਸ਼੍ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ ਅਤੇ ਰਾਜ ਧਾਲੀਵਾਲ ਆਦਿਕ ਸੱਜਣਾਂ ਨੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਇਹ ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਸਮੇਂ ਫੇਸਬੁੱਕ ਆਦਿਕ ਸ਼ੋਸ਼ਲ ਮੀਡੀਏ ਰਾਹੀ ਚਲ ਰਹੇ ਲਾਈਵ ਪ੍ਰਸਾਰਨ ਰਾਹੀ ਦੁਨੀਆ ਭਰ ਤੋਂ ਬਹੁਤ ਸਾਰੇ ਪੰਜਾਬੀ ਸੰਗੀਤ ਪ੍ਰੇਮੀ ਜੁੜੇ ਹੋਏ ਸਨ।  ਜਿੰਨ੍ਹਾਂ ਚੱਲਦੇ ਪ੍ਰੋਗਰਾਮ ਦੌਰਾਨ ਫ਼ੋਨਾਂ ਰਾਹੀ ਹਾਜ਼ਰੀ ਭਰਦੇ ਹੋਏ ਇਸ ਮਹਾਨ ਕਾਰਜ ਲਈ ਜਿੱਥੇ ਅਸ਼ੋਕ ਬਾਂਸਲ ਮਾਨਸਾ ਨੂੰ ਵਧਾਈ ਦਿੱਤੀ ਗਈ, ਉੱਥੇ ਅਜਿਹੇ ਕਾਰਜ ਨੂੰ ਸਹੀ ਢੰਗ ਨਾਲ ਕਰਨ ਲਈ ਸਲਾਹੁਣਾ ਵੀ ਕੀਤੀ ਗਈ। ਅਖੀਰ ਪੰਜਾਬੀ ਗਾਇਕੀ ਦਾ ਖੁੱਲ੍ਹਾ ਅਖਾੜਾ ਚੱਲਿਆ। ਜਿਸ ਵਿੱਚ ਗਾਇਕ ਅਵਤਾਰ ਗਰੇਵਾਲ, ਬਾਈ ਸੁਰਜੀਤ ਮਾਛੀਵਾੜਾ , ਅਮਨਜੋਤ ਸਿੰਘ, ਪੱਪੀ ਭਦੌੜ, ਗੋਗੀ ਸੰਧੂ, ਐਚ. ਐਸ. ਭਜਨ, ਕਮਲਜੀਤ ਸਿੰਘ, ਮਾਸਟਰ ਅਮਨਜੋਤ ਸਿੰਘ, ਨਿਰਮਲ ਨਿੰਮਾ ਅਤੇ ਗੁੱਲੂ ਬਰਾੜ ਆਦਿਕ ਨੇ ਆਪਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਹਰਕੋਈ ਅੱਸ਼ ਅੱਸ਼ ਕਰ ਉੱਠਿਆ। ਇਸ ਸਮਾਗਮ ਲਈ ਚਾਹ ਪਕੌੜਿਆ ਦਾ ਲੰਗਰ ਨਿਊ ਇੰਡੀਆ ਸਵੀਟ ਵਾਲੇ ਜਸਵਿੰਦਰ ਸਿੰਘ ਵੱਲੋ ਫ੍ਰੀ ਲਾਇਆ ਗਿਆ। ਪੱਪੀ ਭਦੌੜ ਅਤੇ ਮੀਕੇ ਦੀਆਂ ਸੰਗੀਤਕ ਧੁੰਨਾਂ ਨੇ ਪ੍ਰੋਗਰਾਮ ਨੂੰ ਚਰਮ ਸ਼ਾਮਾਂ ਤੱਕ ਪਹੁੰਚਾਇਆ। ਅਖੀਰ ਵਿੱਚ ਅਸ਼ੋਕ ਬਾਂਸਲ ਮਾਨਸਾ ਨੂੰ ਸਨਮਾਨ ਚਿੰਨ ਨਾਲ ਸਨਮਾਨਿਆ ਗਿਆ। ਅੰਤ ਮੋਗਾ ਮੀਟ ਦੇ ਸੁਆਦਿਸ਼ਟ ਖਾਣੇ ਨਾਲ ਅਮਿੱਟ ਪੈੜਾ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
Total Views: 107 ,
Real Estate