ਰਾਜ ਸਭਾ ਚੋਣਾਂ ਦੌਰਾਨ ‘ਕਰਾਸ ਵੋਟਿੰਗ’ ਕਰਨ ਤੇ ਕੁਲਦੀਪ ਬਿਸ਼ਨੋਈ ਨੂੰ ਕਾਂਗਰਸ ਨੇ ਕੱਢਿਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਹਰਿਆਣਾ ਤੋਂ ਰਾਜ ਸਭਾ ਚੋਣਾਂ ਵਿੱਚ ਕਥਿਤ ਤੌਰ ‘ਤੇ ‘ਕਰਾਸ ਵੋਟਿੰਗ’ ਕਰਨ ਦੇ ਦੋਸ਼ ਵਿੱਚ ਸੀਨੀਅਰ ਪਾਰਟੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ। ਰਾਜ ਸਭਾ ਚੋਣਾਂ ‘ਚ ਅਜੇ ਮਾਕਨ ਦੀ ਹਾਰ ਤੋਂ ਬਾਅਦ ਕੁਲਦੀਪ ਖਿਲਾਫ਼ ਕਾਰਵਾਈ ਹੋਣ ਦੀ ਗੱਲ ਮੰਨੀ ਜਾ ਰਹੀ ਸੀ। ਇਸ ਤੋਂ ਪਹਿਲਾਂ ਕੁਲਦੀਪ ਵੀ ਪਾਰਟੀ ਤੋਂ ਨਾਰਾਜ਼ ਸੀ। ਇਨ੍ਹਾਂ ਸਾਰੇ ਕਾਰਨਾਂ ਕਰਕੇ ਵਿਧਾਇਕ ਕੁਲਦੀਪ ਬਿਸ਼ਨੋਈ ‘ਤੇ ਕਾਂਗਰਸ ਨੇ ਵੱਡਾ ਐਕਸ਼ਨ ਲੈਂਦਿਆਂ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਨੁਸਾਰ ਸੋਨੀਆ ਗਾਂਧੀ ਨੇ ਬਿਸ਼ਨੋਈ ਨੂੰ ਕਾਂਗਰਸ ਵਰਕਿੰਗ ਕਮੇਟੀ ਦੇ ਵਿਸ਼ੇਸ਼ ਸੱਦੇ ਸਮੇਤ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਤੁਰੰਤ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਬਿਸ਼ਨੋਈ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਸਿਫਾਰਿਸ਼ ਵੀ ਕਰ ਸਕਦੀ ਹੈ।
ਦੂਜੇ ਪਾਸੇ ਹਰਿਆਣਾ ਤੋਂ ਰਾਜ ਸਭਾ ਚੋਣਾਂ ‘ਚ ਕਾਂਗਰਸ ਉਮੀਦਵਾਰ ਅਜੈ ਮਾਕਨ ਦੀ ਹਾਰ ਤੋਂ ਬਾਅਦ ਬਿਸ਼ਨੋਈ ਨੇ ਟਵੀਟ ਕੀਤਾ, ”ਫਨ ਕੁਚਲਣ ਦਾ ਹੁਨਰ ਆਉਂਦਾ ਹੈ ਮੈਨੂੰ, ਸੱਪਾਂ ਦੇ ਡਰ ਕਾਰਨ ਜੰਗਲ ਨਹੀਂ ਛੱਡੇਆ ਕਰਦੇ। ਸ਼ੁਭ ਸਵੇਰ।”
ਹਰਿਆਣਾ ਵਿੱਚ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਪਾਰਟੀ ਦੇ ਸਮਰਥਨ ਨਾਲ ਹਰਿਆਣਾ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਜਿੱਤੀਆਂ ਹਨ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਦੇਰ ਰਾਤ ਦੋਵਾਂ ਦੀ ਜਿੱਤ ਦਾ ਐਲਾਨ ਕੀਤਾ। ਚੋਣ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਵੋਟਾਂ ਦੀ ਗਿਣਤੀ ਸੱਤ ਘੰਟੇ ਤੋਂ ਵੱਧ ਦੇਰੀ ਨਾਲ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ 2 ਵਜੇ ਨਤੀਜੇ ਐਲਾਨੇ ਗਏ। ਰਿਟਰਨਿੰਗ ਅਫਸਰ ਆਰ ਕੇ ਨੰਦਲ ਨੇ ਦੱਸਿਆ ਕਿ ਪੰਵਾਰ ਨੂੰ 36 ਵੋਟਾਂ ਮਿਲੀਆਂ, ਜਦੋਂ ਕਿ ਸ਼ਰਮਾ ਦੇ ਖਾਤੇ ਵਿੱਚ ਪਹਿਲੀ ਤਰਜੀਹ ਦੀ 23 ਵੋਟਾਂ ਗਈਆਂ ਅਤੇ 6.6 ਵੋਟਾਂ ਭਾਜਪਾ ਦੀਆਂ ਟਰਾਂਸਫਰ ਹੋ ਗਈਆਂ, ਜਿਸ ਨਾਲ ਉਨ੍ਹਾਂ ਦੀਆਂ ਕੁੱਲ ਵੋਟਾਂ ਦੀ ਗਿਣਤੀ 29.6 ਹੋ ਗਈ। ਇਸ ਕਰੀਬੀ ਮੁਕਾਬਲੇ ਵਿੱਚ ਮਾਕਨ ਨੂੰ 29 ਵੋਟਾਂ ਮਿਲੀਆਂ, ਪਰ ਦੂਜੀ ਤਰਜੀਹ ਵਾਲੀ ਵੋਟ ਨਾ ਮਿਲਣ ਕਾਰਨ ਉਹ ਹਾਰ ਗਏ।

Total Views: 202 ,
Real Estate