ਭਾਜਪਾਈ ਆਗੂ ਦੀ ਬੇਲਗਾਮ ਬੋਲੀ ਕਾਰਨ ਅਰਬ ਮੁਲਕਾਂ ‘ਚ ਭਾਰਤ ਦੇ ਬਾਈਕਾਟ ਦਾ ਦਿੱਤਾ ਜਾ ਰਿਹਾ ਸੱਦਾ

ਨੂਪੁਰ ਸ਼ਰਮਾ

ਭਾਰਤੀ ਜਨਤਾ ਪਾਰਟੀ ਦੇ ਦੋ ਆਗੂਆਂ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਵਿਵਾਦਤ ਟਿੱਪਣੀ ਦਾ ਇਸਲਾਮਿਕ ਦੇਸ਼ਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਤਰ, ਕੁਵੈਤ ਅਤੇ ਇਰਾਨ ਨੇ ਐਤਵਾਰ ਨੂੰ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਭਾਰਤ ਸਰਕਾਰ ਨੂੰ ਜਨਤਕ ਤੌਰ ਉੱਤੇ ਮਾਫ਼ੀ ਮੰਗਣ ਲਈ ਕਿਹਾ। ਇਸ ਦੇ ਨਾਲ ਹੀ ਇਨ੍ਹਾਂ ਦੇਸ਼ਾਂ ਦੇ ਸੋਸ਼ਲ ਮੀਡੀਆ ਉੱਪਰ ਭਾਰਤੀ ਵਸਤੂਆਂ ਦੇ ਬਾਈਕਾਟ ਦੀ ਮੰਗ ਵੀ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਇੱਕ ਟੀਵੀ ਸ਼ੋਅ ਦੌਰਾਨ ਭਾਜਪਾ ਆਗੂ ਨੂਪੁਰ ਸ਼ਰਮਾ ਵੱਲੋਂ ਵਿਵਾਦਤ ਬਿਆਨ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦਿੱਲੀ ਭਾਜਪਾ ਦੇ ਆਗੂ ਨਵੀਨ ਜਿੰਦਲ ਵੱਲੋਂ ਵਿਵਾਦਿਤ ਟਵੀਟ ਕੀਤਾ ਗਿਆ ਸੀ, ਜਿਸਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ।
ਕਤਰ ਨੇ ਭਾਰਤੀ ਰਾਜਦੂਤ ਦੀਪਕ ਮਿੱਤਲ ਨੂੰ ਆਖਿਆ ਕਿ ‘ਅਜਿਹੀਆਂ ਇਸਲਾਮ ਵਿਰੋਧੀ ਟਿੱਪਣੀਆਂ ਦਾ ਹੋਣਾ ਅਤੇ ਉਸ ਸਬੰਧੀ ਕੋਈ ਸਖ਼ਤ ਕਾਰਵਾਈ ਨਾ ਕਰਨਾ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਨੂੰ ਖ਼ਤਰਾ ਹੈ।’ ਇਸ ਦੇ ਨਾਲ ਹੀ ਕਤਰ ਨੇ ਆਖਿਆ ਕਿ ਇਹ ਹਿੰਸਾ ਅਤੇ ਨਫ਼ਰਤ ਨੂੰ ਵਧਾ ਸਕਦਾ ਹੈ।
ਕੁਵੈਤ ਨੇ ਵੀ ਭਾਰਤ ਤੋਂ ਇਨ੍ਹਾਂ ਟਿੱਪਣੀਆਂ ਲਈ ਮੁਆਫ਼ੀ ਦੀ ਮੰਗ ਕੀਤੀ ਹੈ। ਕੁਵੈਤ ਵੱਲੋਂ ਆਖਿਆ ਗਿਆ ਕਿ ਅਜਿਹੇ ਬਿਆਨ ਨਫ਼ਰਤ ਨੂੰ ਵਧਾਉਂਦੇ ਹਨ।
ਇਰਾਨ ਦੇ ਚੈਨਲ ਈਰਾਨ ਇੰਟਰਨੈਸ਼ਨਲ ਇੰਗਲਿਸ਼ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਤਹਿਰਾਨ ਵਿਖੇ ਭਾਰਤੀ ਰਾਜਦੂਤ ਨੂੰ ਆਖਿਆ ਗਿਆ ਕਿ ਇਹ ਟਿੱਪਣੀਆਂ ਹਜ਼ਰਤ ਮੁਹੰਮਦ ਦੀ ਬੇਇੱਜ਼ਤੀ ਹਨ।
ਭਾਰਤ ਵੱਲੋਂ ਆਖਿਆ ਗਿਆ ਹੈ ਕਿ ਇਹ ਵਿਚਾਰ ਭਾਰਤ ਸਰਕਾਰ ਦੇ ਨਹੀਂ ਹਨ ਬਲਕਿ ਕੁਝ ਸ਼ਰਾਰਤੀ ਤੱਤਾਂ ਦੇ ਹਨ। ਭਾਰਤ ਵੱਲੋਂ ਇਹ ਵੀ ਆਖਿਆ ਗਿਆ ਕਿ ਸੱਤਾਧਾਰੀ ਪਾਰਟੀ ਭਾਜਪਾ ਵੱਲੋਂ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।ਪਿਛਲੇ ਹਫ਼ਤੇ ਇੱਕ ਟੀਵੀ ਚੈਨਲ ਵਿਚ ਬਹਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਤਤਕਾਲੀ ਤਰਜਮਾਨ ਤੇ ਆਗੂ ਨੂਪੁਰ ਸ਼ਰਮਾ ਵੱਲੋਂ ਵਿਵਾਦਿਤ ਟਿੱਪਣੀ ਕੀਤੀ ਗਈ ਸੀ। ਦਿੱਲੀ ਭਾਜਪਾ ਦੇ ਆਗੂ ਨਵੀਨ ਜਿੰਦਲ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ।

Total Views: 329 ,
Real Estate