ਸਿੱਧੂ ਮੂਸੇਵਾਲਾ ’ਤੇ ਅੱਠ ਵਿਅਕਤੀਆਂ ਨੇ ਕੀਤਾ ਸੀ ਹਮਲਾ

ਪੁਲੀਸ ਵੱਲੋਂ ਕੀਤੇ ਦਾਅਵੇ ਮੁਤਾਬਕ ਸਿੱਧੂ ਮੂਸੇਵਾਲਾ ’ਤੇ ਅੱਠ ਵਿਅਕਤੀਆਂ ਨੇ ਹਮਲਾ ਕੀਤਾ ਸੀ। ਹਮਲੇ ਵਾਲੀ ਥਾਂ ਤੋਂ ਪੁਲੀਸ ਨੂੰ ਏਐੱਨ-94 ਰਾਈਫਲ ਦੇ ਕਾਰਤੂਸਾਂ ਦੇ ਤਿੰਨ ਖੋਲ ਮਿਲੇ ਹਨ। ਪੰਜਾਬ ਵਿੱਚ ਏਐੱਨ-94 ਰਾਈਫਲ ਦੀ ਵਰਤੋਂ ਆਮ ਕਰਕੇ ਨਹੀਂ ਹੁੰਦੀ। ਏਐੱਨ-94 (ਐਵਟੋਮੈਟ ਨਿਕੋਨੋਵਾ ਮਾਡਲ) ਰੂਸੀ ਅਸਾਲਟ ਰਾਈਫਲ ਹੈ, ਜੋ 1994 ਦਾ ਮਾਡਲ ਹੈ। ਏਐੱਨ-94 ਨੂੰ ਏਕੇ-74 ਲੜੀ ਦੀਆਂ ਰਾਈਫਲਾਂ ਦੇ ਬਦਲ ਵਜੋਂ ਪੇਸ਼ ਕੀਤਾ ਗਿਆ ਸੀ। ਪਰ ਰਾਈਫਲ ਦੇ ਗੁੰਝਲਦਾਰ ਡਿਜ਼ਾਈਨ ਕਰਕੇ ਇਸ ਨੂੰ ਸਿਰਫ਼ ਵਿਸ਼ੇਸ਼ ਮਿਸ਼ਨਾਂ ਲਈ ਹੀ ਵਰਤਿਆ ਜਾ ਰਿਹਾ ਹੈ। ਏਐੱਨ-94 ਵਿੱਚੋਂ 1800 ਕਾਰਤੂਸ ਪ੍ਰਤੀ ਮਿੰਟ ਨਾਲ ਇਕ ਵੇਲੇ ਦੋ-ਸ਼ਾਟ ਬਰਸਟ ਨਿਕਲਦਾ ਹੈ। ਇਸੇ ਦੌਰਾਨ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਨੇ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ। ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਗੈਂਗ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਪੰਜਾਬ ਪੁਲੀਸ ਨੇ ਬੀਤੇ ਵਿੱਚ ਇਸ ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਲਡੀ ਨੇ ਆਪਣੀ ਫੇਸਬੁਕ ਪੋਸਟ ’ਤੇ ਦਾਅਵਾ ਕੀਤਾ ਹੈ ਕਿ ਮੂਸੇਵਾਲਾ, ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਤੇ ਇਕ ਹੋਰ ਗੁਰਲਾਲ ਬਰਾੜ ਦੇ ਕਤਲ ਵਿੱਚ ਸ਼ਾਮਲ ਸੀ। ਪੌਲੀਵੁੱਡ ਇੰਡਸਟਰੀ ਤੇ ਪੰਜਾਬ ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਘੱਟੋ-ਘੱਟ ਛੇ ਗਾਇਕਾਂ ਤੇ ਅਦਾਕਾਰਾਂ ਨੇ ਪਿਛਲੇ ਦੋ ਮਹੀਨਿਆਂ ਵਿੱਚ ਆਪਣੀ ਸੁਰੱਖਿਆ ਲਈ ਦਸ-ਦਸ ਲੱਖ ਰੁਪਏ ਦੀ ਅਦਾਇਗੀ ਕੀਤੀ ਹੈ। ਮੂਸੇਵਾਲਾ ਨੇ ਉਸ ਨੂੰ ਧਮਕੀਆਂ ਮਿਲਣ ਬਾਰੇ ਭਾਵੇਂ ਕੋਈ ਸਿੱਧੀ ਸ਼ਿਕਾਇਤ ਨਹੀਂ ਕੀਤੀ, ਪਰ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਵਿੱਚ ਪੰਜਾਬ ਦੇ ਸਿਖਰਲੇ ਦਸ ਕਲਾਕਾਰਾਂ ਨੂੰ ਗੈਂਗਸਟਰਾਂ ਵੱਲੋਂ ਧਮਕੀ ਦੇਣ ਵਾਲੀ ਸੂਚੀ ’ਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸੀ। ਚੇਤੇ ਰਹੇ ਕਿ ਕਬੱਡੀ ਖਿਡਾਰੀ ਸੰਦੀਪ ਸਿੰਘ ਦੇ ਕਤਲ ਪਿੱਛੇ ਵੀ ਕੈਨੇਡਾ ਅਧਾਰਿਤ ਗੈਂਗਸਟਰਾਂ ਦਾ ਹੱਥ ਦੱਸਿਆ ਜਾਂਦਾ ਸੀ।

Total Views: 544 ,
Real Estate