ਪੰਜਾਬ ਵਜ਼ਾਰਤ ’ਚ ਵਾਧਾ ਬਜਟ ਸੈਸ਼ਨ ਮਗਰੋਂ , ਮੁੱਖ ਮੰਤਰੀ ਆਪਣੇ ਕੋਲ ਰੱਖ ਸਕਦੇ ਨੇ ਸਿਹਤ ਵਿਭਾਗ

ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਬਜਟ ਸੈਸ਼ਨ ਮਗਰੋਂ ਵਜ਼ਾਰਤ ਵਿਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲੇ ਗੇੜ ਵਿਚ ਪੰਜਾਬ ਵਜ਼ਾਰਤ ਵਿਚ ਦਸ ਵਜ਼ੀਰਾਂ ਨੂੰ ਸਹੁੰ ਚੁਕਾਈ ਗਈ ਸੀ ਜਦੋਂਕਿ ਪੰਜਾਬ ਵਿਚ ਮੁੱਖ ਮੰਤਰੀ ਤੋਂ ਇਲਾਵਾ 17 ਵਜ਼ੀਰ ਬਣ ਸਕਦੇ ਹਨ। ਅੱਜ ਮੁੱਖ ਮੰਤਰੀ ਨੇ ਸਿਹਤ ਮੰਤਰੀ ਵਿਜੈ ਸਿੰਗਲਾ ਦੀ ਛਾਂਟੀ ਕਰ ਦਿੱਤੀ ਹੈ ਜਿਸ ਕਰਕੇ ਹੁਣ ਵਜ਼ੀਰਾਂ ਦਾ ਅੰਕੜਾ 9 ਰਹਿ ਗਿਆ ਹੈ । ਸਿਹਤ ਮੰਤਰੀ ਦੀ ਛਾਂਟੀ ਮਗਰੋਂ ਹੀ ‘ਆਪ’ ਵਿਧਾਇਕਾਂ ਵਿਚ ਸਿਹਤ ਮੰਤਰੀ ਬਣਨ ਦੀ ਦੌੜ ਅੰਦਰੋਂ ਅੰਦਰ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਵਿਭਾਗ ਹੁਣ ਆਪਣੇ ਕੋਲ ਰੱਖ ਸਕਦੇ ਹਨ ਕਿਉਂਕਿ ਅੱਗੇ ਬਜਟ ਸੈਸ਼ਨ ਆ ਰਿਹਾ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਪੰਜਾਬ ’ਚ ਮੁਹੱਲਾ ਕਲੀਨਿਕ 15 ਅਗਸਤ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਨੂੰ ਦੇਖਦਿਆਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸੇ ਆਗੂ ਨੂੰ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਬਜਟ ਸੈਸ਼ਨ ਮਗਰੋਂ ਹੀ ‘ਆਪ’ ਸਰਕਾਰ ਦੀ ਵਜ਼ਾਰਤ ਵਿਚ ਵਿਸਥਾਰ ਦੀ ਯੋਜਨਾ ਹੈ। ‘ਆਪ’ ਦੇ ਦੂਸਰੀ ਵਾਰ ਬਣੇ ਵਿਧਾਇਕਾਂ ਦੀ ਸਿਹਤ ਮੰਤਰੀ ਦੀ ਖ਼ਾਲੀ ਹੋਈ ਕੁਰਸੀ ’ਤੇ ਵੀ ਅੱਖ ਹੈ। ਪਹਿਲੇ ਗੇੜ ਵਿਚ ‘ਆਪ’ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਸਰਬਜੀਤ ਕੌਰ ਮਾਣੂਕੇ, ਬਲਜਿੰਦਰ ਕੌਰ ਵਜ਼ਾਰਤ ਵਿਚ ਸ਼ਾਮਿਲ ਨਹੀਂ ਕੀਤੇ ਗਏ ਸਨ। ਪਤਾ ਲੱਗਾ ਹੈ ਕਿ ਇਹ ਵੀ ਸੰਭਵ ਹੋ ਸਕਦਾ ਹੈ ਕਿ ਬਜਟ ਸੈਸ਼ਨ ਮਗਰੋਂ ਪੂਰੀ ਵਜ਼ਾਰਤ ਮੁਕੰਮਲ ਨਾ ਕੀਤੀ ਜਾਵੇ। ਏਨਾ ਕੁ ਤੈਅ ਜਾਪਦਾ ਹੈ ਕਿ ਵਜ਼ਾਰਤ ਵਿਚ ਫ਼ੌਰੀ ਵਾਧਾ ਨਹੀਂ ਹੋਣ ਲੱਗਾ।

Total Views: 469 ,
Real Estate