
ਗਲੀ ਵਾਲਾ ਗੇਟ ਭੇੜਿਆ ਹੋਇਆ ਸੀ , ਖੋਲ੍ਹ ਕੇ ਬੂਟੇ ਨੂੰ ਵਾਜ ਮਾਰੀ ਤੇ ਅੱਗਿਓ ਸਾਨੋ ਭਾਬੀ ਦੀ ਬੋਲ ਪਈ , ‘ਬੌਤ ਛੇਤੀ ਆ ਗਿਆ ‘
ਉਹ ਲੱਕੜ ਦੇ ਪੌੜੀ ਦੀ ਉਹਲੇ ਬੈਠੀ ਰੁੜ ਰੁੜ ਕੇ ਝਾੜੂ ਮਾਰਦੀ ਸੀ, ਕੱਲ੍ਹ ਨੇਰ੍ਹੀ ਆਈ ਸੀ ਨਾ ।
‘ਕਿਮੇਂ ਆ ਭਾਬੀ’
ਬੱਸ ਪੁੱਛ ਨਾ ਪੁੱਤ , ਹੁਣ ਮੈ ਰਹਿਗੀ , ਤੁਰਿਆ ਨਹੀਂ ਜਾਂਦਾ , ਗੋਡਿਆਂ ਦਾ ਪਰੇਸ਼ਨ ਹੋਣਾ , ਲੱਤ ਦੀ ਸੰਗਲੀ ਟੁੱਟੀ , ਦੂਜੀ ਲੱਤ ਤੇ ਪਿਛਲੇ ਸਾਲ ਟੀਕਾ ਪੱਕ ਗਿਆ ਸੀ , ਹੁਣ ਤਾਂ ਜਾਨ ਨਹੀਂ ਨਿਕਲਦੀ ‘ ਇਹ ਕਹਿ ਕੇ ਭਾਬੀ ਨੇ ਗੱਚ ਭਰ ਲਿਆ।
ਸਾਡੇ ਅਗਵਾੜ ‘ਚ ਕੋਈ ਵਿਆਹ ਮੰਗਣਾ ਜਾਂ ਪਾਠ ਦਾ ਭੋਗ ਹੁੰਦਾ ਤਾਂ ਰੋਟੀਆਂ ਵਾਲੇ ਟੋਕਰੇ ਕੋਲ ਸਾਨੋ ਭਾਬੀ ਹੁੰਦੀ , ਬਾਈ ਮਹਿੰਦਰ ਰੋਟੀ ਵਰਤਾਉਣ ਵਾਲਾ ਅਤੇ ਖੰਡਾ ਤੇ ਬੂਟਾ ਦੋਵੇ ਭਰਾ ਹੋਰ ਸੇਵਾ ‘ਚ ਹੁੰਦੇ । ਲੋਕਾਂ ਦੇ ਕੰਮ ‘ਚ ਕਦੇ ਇਹਨਾ ਨੇ ਢਿੱਲ ਨਹੀ ਵਰਤੀ ਸੀ , ਆਪਣੇ ਘਰ ਵੱਲ ਕਦੇ ਧਿਆਨ ਨਹੀਂ ਦਿੱਤਾ ਸੀ ।
ਹਰੇਕ ਸਾਂਝੇ ਕੰਮ ‘ਚ ਇਹਨਾ ਦਾ ਖੰਡਾ ਮੂਹਰੇ ਹੁੰਦਾ, ਪਿੰਡ ‘ਚ ਜੱਗ ਹੁੰਦਾ ਤਾਂ ਕੁਹਾੜੀ ਚੁੱਕ ਕੇ ਨਹਿਰ ਤੋਂ ਕਿੱਕਰਾਂ ਦੇ ਵੱਢ ਵੱਢ ਲਿਆਉਣ ਦਾ ਕੰਮ ਖੰਡੇ ਦੇ ਜਿੰਮੇ ਹੁੰਦਾ । ਨਹਿਰ ਤੇ ਨਲਕਾ ਜਾਂ ਮੋਟਰ ਲੱਗਦੀ ਤਾਂ ਖੰਡਾ ਹੱਲਾਸ਼ੇਰੀ ਦਿੰਦੇ ਅੱਡ ਈ ਸੁਣਦਾ, ‘ਆਜਾ ਧਾਂਅਅ’ । ਪਿੰਡ ਦੀ ਫੁੱਟਬਾਲ ਟੀਮ ਜਿੱਥੇ ਮਰਜ਼ੀ ਖੇਡਣ ਜਾਂਦੀ , ਗਲ ‘ਚ ਸੀਟੀ ਪਾ ਕੇ ਖੰਡਾ ਕੋਚ ਤਿਆਰ ਹੁੰਦਾ। ਪਰ ਕਈ ਸਾਲ ਪਹਿਲਾਂ ਬਿਮਾਰ ਰਹਿਣ ਮਗਰੋਂ ਜਵਾਨੀ ‘ਚ ਖੰਡੇ ਦੀ ਮੌਤ ਹੋਗੀ । ਉਹਦਾ ਪੂਰਾ ਨਾਅ ਸੁੰਦਰ ਸਿੰਘ ਸੀ ਸੈ਼ਦ, ਪਰ ਅਸੀਂ ਪੰਗੇ ਲੈਣ ਲਈ ਖੰਡਾ ਸਿੰਘ ਢੀਠ ਆਖਦੇ , ਨਾ ਉਹਨੇ ਕਿਸੇ ਦਾ ਕਦੇ ਗੁੱਸਾ ਕੀਤਾ ਨਾ ਹੀ ਉਹਦਾ ਕੋਈ ਗੁੱਸਾ ਕਰਦਾ , ਗਾਲ੍ਹਾਂ ਦਾ ਤਾਂ ਬਰੱਸਟ ਮਾਰਦਾ ਸੀ ਉਹ ।
ਵੱਡਾ ਬੂਟਾ ਨੂੰ ਕਈ ਵਾਰ ਮੌਤ ਨੂੰ ਝਕਾਨੀ ਦੇ ਕੇ ਨਿਕਲਿਆ । ਕੇਰਾਂ ਰਾੜੇ ਕੇ ਟਰੈਕਟਰ ‘ਤੇ ਨਥਾਣੇ ਜਾਦਿਆਂ ਤੋਂ ਆਸਾ ਟਰੈਕਟਰ ਪਲਟ ਗਿਆ, ਤਾਏ ਰਾੜੇ ਦਾ ਮੁੰਡਾ ਨੀਟਾ ਤਾਂ ਮੌਕੇ ਤੇ ਪੂਰਾ ਹੋ ਗਿਆ, ਬੂਟੇ ਦੇ ਬਹੁਤ ਸੱਟਾਂ ਲੱਗੀਆਂ ਸੀ , ਪਰ ਇਹਦਾ ਮਾਸ ਸੂਰ ਵਰਗਾ ਦੋ ਕੁ ਮਹੀਨਿਆਂ ‘ਚ ਫਿਰ ਪਹਿਲਾਂ ਵਰਗਾ ਹੋ ਗਿਆ।
ਕਈ ਸਾਲਾਂ ਤੋਂ ਉਹ ਸਕੂਲੀ ਦੀ ਚੌਕੀਦਾਰੀ ਕਰਦਾ , ਕੇਰਾਂ ਉਹਨੂੰ ਸਾਇਦ ਕਰੰਟ ਲੱਗਿਆਂ ਜਾ ਕੋਈ ਹੋਰ ਕਾਰਨ ਬਣਿਆ ਸਕੂਲ ਵਾਲੀ ਮੋਟਰ ਦੇ ਖੂਹ ‘ਚ ਡਿੱਗ ਪਿਆ ਸੀ , ਮਰ ਕੇ ਬਚਿਆ, ਉਦੋਂ ਲਾਜ ਕਲੱਬ ਵਾਲਿਆਂ ਤੇ ਹੋਰਾਂ ਨੇ ਕਰਾਇਆ।
ਮਹਿੰਦਰ ਬਾਈ ਵੀ ਅਚਾਨਕ ਪੂਰਾ ਹੋ ਗਿਆ ।
ਬੇਜ਼ਮੀਨੇ ਜੱਟਾਂ ਨੂੰ ਕਿਹੜਾ ਡੋਲੇ ਦਿੰਦਾ , ਨਾ ਬੂਟੇ ਦਾ ਰਿਸ਼ਤਾ ਹੋਇਆ ਨਾ ਖੰਡੇ ਦਾ । ਹੁਣ ਸਾਨੋ ਭਾਬੀ ਘਰੋ ਕੱਲੀ ਰਹਿੰਦੀ , ਮੁੰਡਾ ਸਕੂਲ ‘ਚ ਚੌਕੀਦਾਰੀ ਕਰਦਾ। ਰੋਟੀ ਪਾਣੀ ਅਤੇ ਨਹਾਉਣ ਦੀ ਸੇਵਾ ਨਾਲ ਦੇ ਘਰ ਵਾਲੇ ਕਰ ਦਿੰਦੇ ਹਨ , ਉਹਨੇ ਨੇ ਹੀ ਮੈਨੂੰ ਕਿਹਾ ‘ਖੰਡੇ ਦੀ ਮਾਂ ਦੀ ਖ਼ਬਰ ਲਾ ਦੇ ਕੋਈ ਫੈਦਾ ਹੋਜੂ’ ।
‘ਭਾਬੀ ਉਮਰ ਕਿੰਨੀ ਕੁ ਹੋਗੀ ‘ ਮੈਂ ਪੁੱਛਿਆ ।
ਕਟਾਵੱਢੀ ਤੋਂ ਤਿੰਨ ਚਾਰ ਸਾਲ ਮਗਰੋਂ ਜੰਮੀ ਸੀ ਮੈਂ ।
ਪਰ ਸਰਪੰਚ ਕਪੂਰ ਸਿੰਘ ( ਡੱਲੇ ਕਾ ਕਪੂਰ) ਦੇ ਟੱਬਰ ਤੇ ਕੁਦਰਤ ਨੇ ਪਹਿਲਾਂ ਹੀ ਬਹੁਤ ਝੱਖੜ ਝੁਲਾਏ ਨੇ । ਹਾਲਾਂਕਿ ਉਹਦੇ ਤਿੰਨ ਪੁੱਤ ਸੀ, ਭੋਲੂ ਛੜਾ ਸੀ , ਮਹਿੰਦਰ ਤੇ ਗੁਰਸੇਵਕ ਵਿਆਹੇ ਹੋਏ ।
ਇੱਕ ਸਾਬਕਾ ਸਰਪੰਚ ਦੇ ਪਰਿਵਾਰ ਕੀ ਸਥਿਤੀ ਹੋ ਸਕਦੀ , ਜਦੋਂ ਮਨ ‘ਚ ਸੋਚਦੇ ਹਾਂ ਕਿ ਖੁੱਲ੍ਹਾ ਵਿਹੜਾ , ਵੱਡਾ ਦਰਵਾਜਾ ਤੇ ਨੌਕਰ ਚਾਕਰ ਫਿਰਦੇ ਹੋਣਗੇ । ਪਰ ਇਸ ਸਾਬਕਾ ਸਰਪੰਚ ਦੇ ਪਰਿਵਾਰ ‘ਚ ਅਜਿਹਾ ਕੁਝ ਨਹੀਂ । ਸਾਡੀ ਵੱਟ ਸਾਂਝੀ ਸੀ , ਅੱਧਾ ਕੁ ਕਿੱਲਾ ਜਾਂ 6 ਕਨਾਲਾਂ ਜਮੀਨ ਸੀ , ਉਹ ਵਿਕਗੀ । ਤਾਇਆ ਕਪੂਰ , ਬੱਕਰੀਆਂ ਵੀ ਚਾਰਦਾ ਰਿਹਾ , ਖੰਡੇ ਵਰਗੇ ਵੀ ਨਾਲ ਹੁੰਦੇ ਸੀ , ਉਦੋਂ ਕੰਮ ਵਧੀਆ ਹੁੰਦਾ , ਫਿਰ ਹੌਲੀ ਹੌਲੀ ਸਭ ਕੁਝ ਜਾਂਦਾ ਰਿਹਾ ।
ਇੱਕ-ਇੱਕ ਕਰਕੇ ਘਰਦੇ ਜੀਅ ਤੁਰਦੇ ਗਏ ।
ਹੁਣ ਕਪੂਰ ਸਿੰਘ ਦੀ ਨੂੰਹ ਸੁਜਾਨ ਕੌਰ ਅਤੇ ਪੋਤਾ ਇਸ ਘਰ ‘ਚ ਰਹਿੰਦੇ ਨੇ । ਇਹ ਪਰਿਵਾਰ ਨੇ ਹਰੇਕ ਸਾਂਝੇ ਕੰਮ ‘ਚ ਖੁੱਲ੍ਹ ਕੇ ਸਾਥ ਦਿੱਤਾ , ਅੱਜ ਸੁਜਾਨ ਕੌਰ ਨੂੰ ਸਾਥ ਦੀ ਲੋੜ ਹੈ, ਗੋਡਿਆਂ ਦਾ ਅਪਰੇਸ਼ਨ ਹੋਣਾ , ਹੋਰ ਵੀ ਚੈੱਕਅਪ ਕਰਵਾਉਣਾ, ਅੱਜ ਸਵੇਰੇ ਮੈਂ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੂੰ ਫੋਨ ਕੀਤਾ ਸੀ , ਉਹਨਾ ਨੇ ਮੈਡੀਕਲ ਚੈੱਕਅਪ ਕਰਾ ਲਿਆਉਣਾ, ਫਿਰ ਬਾਕੀ ਇਲਾਜ ਚੱਲਣਾ, ਕੁੱਝ ਦਿਨ ਪਹਿਲਾਂ ਮੈਨੂੰ ਬਾਈ ਸੁਖ ਤੂਰ ਨੇ 10,000 ਰੁਪਏ ਭੇਜੇ ਸਨ , ਉਹ ਮੈਂ ਇਹਨਾ ਖਾਤੇ ‘ਚ ਟਰਾਂਸਫਰ ਕਰ ਦਿੰਨਾ , ਤੁਸੀ ਅਜਿਹੇ ਪਰਿਵਾਰ ਦਾ ਸਾਥ ਦੇ ਕੇ ਪੁੰਨ ਦਾ ਕੰਮ ਜਰੂਰ ਕਰਿਓ । ਆਹ ਖਾਤਾ ਨੰਬਰ ਸੁਜਾਨ ਕੌਰ ਪਤਨੀ ਮਹਿੰਦਰ ਸਿੰਘ ਪਿੰਡ ਪੂਹਲਾ, ਜਿਲ੍ਹਾ ਬਠਿੰਡਾ ਖਾਤਾ ਨੰਬਰ -0371001703003474 , ਪੀਐਨਬੀ ਬੈਂਕ ਨਥਾਨਾ ਅਤੇ ਸਵਿਫਟ ਕੋਡ PUNB0037100 ਹੈ , ਸਹਿਯੋਗ ਭੇਜ ਕੇ ਮੈਨੂੰ ਜਰੂਰ ਦੱਸ ਦਿਓ । ਕੋਈ ਹੋਰ ਸਵਾਲ ਹੋਵੇ ਮੈਨੂੰ ਸਿੱਧਾ ਫੋਨ ਕਰ ਸਕਦੇ ਹੋ ਪੇਜ ਤੇ ਮੇਰਾ ਨੰਬਰ ਲਿਖਿਆ ਹੋਇਆ ਹੈ ।
Total Views: 258 ,
Real Estate



















