ਮਾਲਵੇ ਵਿੱਚ ਧੋੜੇ ਖਤਮ ਹੋਣ ਮਗਰੋਂ , ਸ਼ਹਿਰਾਂ ਵਿੱਚ ਉਸਾਰੀ ਲਈ ਭਰਤੀ ਪਾਉਂਣ ਵਾਲੀ ਮਿੱਟੀ ਖਤਮ ਹੋਣ ਕਿਨਾਰੇ ,ਹਿਠਾੜ ਦੀਆਂ ਜਮੀਨਾਂ ਸੋਨਾ ਬਣੀਆਂ

ਸ੍ਰੀ ਮੁਕਤਸਰ ਸਾਹਿਬ 18 ਮਈ (ਕੁਲਦੀਪ ਸਿੰਘ ਘੁਮਾਣ) ਹੁਣ ਮਾਲਵੇ ਵਿੱਚ ਟਿੱਬੇ ਨਹੀਂ ਰਹੇ‌। ਟਰੈਕਟਰਾਂ ਦੇ ਯੁੱਗ ਦੀ ਸ਼ੁਰੂਆਤ ਹੋਣ ਦੀ ਦੇਰ ਸੀ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਟਿੱਬਿਆਂ ਦੀ ਮਿੱਟੀ ਇਕੱਠੀ ਕਰ ਕੇ ਅੰਬਰਾਂ ਨੂੰ ਛੂੰਹਦੇ ਧੋੜੇ ਲਾ ਕੇ ਜ਼ਮੀਨਾਂ ਵਹਿਕ ਕਰ ਦਿੱਤੀਆਂ ਅਤੇ ਅਨਾਜ ਦੇ ਅੰਬਾਰ ਲਾ ਦਿੱਤੇ । ਫੇਰ ਦੌਰ ਸ਼ੁਰੂ ਹੋਇਆ ਸ਼ਹਿਰਾਂ ਅਤੇ ਪਿੰਡਾਂ ਵਿੱਚ ਉੱਚੀਆਂ ਉੱਚੀਆਂ ਅਤੇ ਵੱਡੀਆਂ ਕੋਠੀਆਂ ਪਾਉਂਣ ਦਾ। ਜੇ ਬੀ ਸੀ ਮਸ਼ੀਨਾਂ ਦੀ ਆਈ ਕ੍ਰਾਂਤੀ ਤੋਂ ਬਾਅਦ ਧੋੜਿਆਂ ਦੀ ਮਿੱਟੀ ਸ਼ਹਿਰੀ ਕੋਠੀਆਂ ਵਿੱਚ ਭਰਤੀ ਪਾਉਂਣ ਲਈ ਆਉਂਣ ਲੱਗੀ । ਖੇਤਾਂ ਵਿੱਚ ਲੱਗੇ ਧੋੜੇ ਗਧੇ ਦੇ ਸਿੰਗਾਂ ਵਾਂਗੂੰ ਗਾਇਬ ਹੋਣ ਲੱਗੇ। ਹਿਠਾੜ ਦੇ ਇਲਾਕੇ ਵਿੱਚ ਕੱਸੀਆਂ ਦਾ ਜਾਲ ਵਿਛ ਗਿਆ ਹੈ। ਬਰਾਨੀ ਅਤੇ ਅਨਕਮਾਂਡ ਏਰੀਆ ਨਹਿਰੀ ਜ਼ਮੀਨਾਂ ‘ਚ ਤਬਦੀਲ ਹੋ ਗਿਆ । ਕੰਪਿਊਟਰ ਕਰਾਹੇ ਲਾ ਕੇ ਕਿਸਾਨਾਂ ਨੇ ਹਿਠਾੜ ਦੀਆਂ ਜ਼ਮੀਨਾਂ ਫੁੱਟਬਾਲ ਦੇ ਮੈਦਾਨਾਂ ਵਰਗੀਆਂ ਪੱਧਰੀਆਂ ਕਰ ਦਿੱਤੀਆਂ ਅਤੇ ਝੋਨਾ ਤੇ ਬਾਸਮਤੀ ਦਾ ਦੌਰ ਸ਼ੁਰੂ ਹੋ ਗਿਆ । ਹੁਣ ਸ਼ਹਿਰਾਂ ਤੋਂ ਬਹੁਤ ਦੂਰ , ਕਿਤੇ ਕਿਤੇ ਧੋੜੇ ਨਜ਼ਰੀਂ ਪੈਂਦੇ ਨੇ । ਨਵੀਆਂ ਉੱਸਰ ਰਹੀਆਂ ਸ਼ਹਿਰੀ ਕੋਠੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਣ ਕਰਕੇ , ਭਰਤੀ ਪਾਉਂਣ ਵਾਲੀ ਮਿੱਟੀ ਦੀ ਕਿੱਲਤ ਹੋਣ ਲੱਗੀ ਹੈ। ਜਿਸ ਕਰਕੇ ਭਰਤੀ ਪਾਉਂਣ ਵਾਲੀ ਮਿੱਟੀ ਦੂਣੇ ਤੀਣੇ ਮੁੱਲ ਦੀ ਹੋ ਗਈ ਹੈ । ਕੁਝ ਕਿਸਾਨ ਖੇਤਾਂ ਵਿੱਚ ਲੱਗੇ ਧੋੜੇ ਖੇਤਾਂ ਵਿੱਚ ਹੀ ਖਿਲਾਰਨ ਲੱਗੇ ਹਨ , ਨਹਿਰਾਂ ਨਾਲ ਸੇਮ ਕੱਢਦੀਆਂ ਜ਼ਮੀਨਾਂ ਵਿੱਚ ਪਾਉਂਣ ਲੱਗੇ ਹਨ ਅਤੇ ਦੰਦੇ ਵਾਲੀਆਂ ਜ਼ਮੀਨਾਂ ਨੂੰ ਇਕਸਾਰ ਕਰਨ ਵਾਲੇ ਪਾਸੇ ਨੂੰ ਤੁਰ ਪਏ ਹਨ । ਜਿਸ ਕਰਕੇ ਭਰਤੀ ਪਾਉਂਣ ਵਾਲੀ ਟਿੱਬਿਆਂ ਦੇ ਧੋੜਿਆਂ ਦੇ ਰੂਪ ਵਿੱਚ ‘ਕੱਠੀ ਕੀਤੀ ਰੇਤਾ ਲੱਗਭੱਗ ਖਤਮ ਹੋ ਗਈ ਹੈ।
ਜਿਸਦੇ ਨਤੀਜੇ ਵਜੋਂ ਆਉਂਣ ਵਾਲੇ ਇੱਕ ਦੋ ਸਾਲਾਂ ਨੂੰ, ਸ਼ਹਿਰਾਂ ਵਿੱਚ ਭਰਤੀ ਪਾਉਂਣ ਵਾਲੀ ਮਿੱਟੀ ਨਹੀਂ ਮਿਲਣੀ । ਇਹ ਸਵਾਲ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ ਕਿ , ਕੀ ਪੰਜਾਬ ਵਿੱਚ ਭਰਤੀ ਪਾਉਂਣ ਵਾਲੀ ਮਿੱਟੀ ਵੀ ਰਾਜਿਸਥਾਨ ਵਿੱਚੋਂ ਲਿਆਉਂਣੀ ਪਿਆ ਕਰੂ ਜਾਂ ਇਹਦੇ ਬਦਲ ਵਜੋਂ ਕੋਈ ਹੋਰ ਤਕਨੀਕ ਹੋਂਦ ਵਿੱਚ ਆਊ ……? ਪਰ ਇਹ ਗੱਲ ਯਕੀਨੀ ਅਤੇ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਟਿੱਬਿਆਂ ਵਾਲੇ ਮਾਲਵੇ ਦੇ ਇਲਾਕੇ ਵਿੱਚ , ਹੁਣ ਟਿੱਬੇ ਅਤੇ ਧੋੜੇ ਬੀਤੇ ਸਮਿਆਂ ਦੀਆਂ ਗੱਲਾਂ ਹੋ ਜਾਣਗੀਆਂ । ਕੁਝ ਵਿਰਾਸਤ ਨੂੰ ਪ੍ਰਣਾਏ ਹੋਏ ਲੋਕਾਂ ਨੇ ਤਾਂ ਜ਼ਮੀਨਾਂ ਵਿੱਚੋਂ ਧੋੜੇ ਚੁਕਵਾਉਣ ਤੋਂ ਇਨਕਾਰ ਕੀਤਾ ਹੀ ਸੀ ਸਗੋਂ ਉਲਟਾ ਲੱਖੇ ਸਿਧਾਣੇ ਨੇ ਤਾਂ ਆਪਣੀ ਪੱਧਰੀ ਅਤੇ ਉਪਜਾਊ ਜ਼ਮੀਨ ਵਿੱਚ ਕਿਸੇ ਹੋਰ ਕਿਸਾਨ ਦੇ ਖੇਤ ਵਿੱਚੋਂ ਧੋੜੇ ਦੀ ਮਿੱਟੀ ਚੁੱਕ ਕੇ ਆਪਣੀ ਜ਼ਮੀਨ ਵਿੱਚ ਧੋੜਾ ਲਗਾ ਲਿਆ ਹੈ। ਉਸਨੇ ਵਿਰਾਸਤੀ ਰੁੱਖ , ਜੀਵ-ਜੰਤੂ , ਜੜ੍ਹੀ ਬੂਟੀਆਂ , ਜਨੌਰ ਅਤੇ ਪੰਛੀਆਂ ਦੀਆਂ ਖਤਮ ਹੋ ਰਹੀਆਂ ਪ੍ਰਜਾਤੀਆਂ ਦੀ ਸਲਾਮਤੀ ਅਤੇ ਠਾਹਰ ਲਈ ਜਗ੍ਹਾ ਮੁਹੱਈਆ ਕਰਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਸਦਾ ਕਹਿਣਾ ਹੈ ਕਿ ਟਿੱਬਿਆਂ ਦੀ ਧਰਤੀ ਮਾਲਵੇ ਵਿੱਚੋਂ ਰੇਤਾ ਖਤਮ ਹੋ ਰਹੀ ਹੈ । ਇਸ ਵਿਰਾਸਤ ਨੂੰ ਧੋੜੇ ਦੇ ਰੂਪ ਵਿੱਚ ਸਾਂਭ ਕੇ ਰੱਖਣਾ ਵੀ ਸਾਡਾ ਇਖਲਾਕੀ ਫਰਜ਼ ਬਣਦਾ ਹੈ । ਦੂਸਰਾ ਪਹਿਲੂ ਹੋਰ ਵੀ ਹੈ ਕਿ ਅਗਰ ਵੱਡੇ ਕਿਸਾਨ ਆਪਣੇ ਖੇਤਾਂ ਵਿੱਚ ਦੋ ਚਾਰ ਕਨਾਲਾਂ ਵਿੱਚ ਡੂੰਘੇ ਛੱਪੜ ਰੂਪੀ ਤਲਾਬ ਪੁੱਟ ਲੈਣ ਤਾਂ ਜਿੱਥੇ ਮੀਹਾਂ ਦਾ ਵਾਧੂ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ ,ਓਥੇ ਹੀ ਨਾਲ ਦੀ ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਰੀਚਾਰਜ਼ ਕੀਤਾ ਜਾ ਸਕਦਾ ਹੈ । ਇਕੱਠੀ ਕੀਤੀ ਮਿੱਟੀ ਵਿੱਚ ਜੀਵ ਜੰਤੂਆਂ , ਵਿਰਾਸਤੀ ਜੜ੍ਹੀ ਬੂਟੀਆਂ , ਰੁੱਖਾਂ , ਜਨੌਰਾਂ ਅਤੇ ਪੰਛੀਆਂ ਨੂੰ ਅਬਾਦ ਕੀਤਾ ਜਾ ਸਕਦਾ ਹੈ । ਜਿੰਨ੍ਹਾਂ ਨੂੰ ਅਸੀਂ ਖੇਤਾਂ ਵਿੱਚ ਲਾਈਆਂ ਅੱਗਾਂ ਨਾਲ ਘਰੋਂ ਬੇਘਰ ਕਰ ਦਿੱਤਾ ਹੈ। ਵਕਤ ਕੂਕ ਕੂਕ ਕੇ ਕਹਿ ਰਿਹਾ ਹੈ ਕਿ ਅਖੌਤੀ ਤਰੱਕੀ ਦੀਆਂ ਰਾਹਾਂ ਤੋਂ ਪਿੱਛੇ ਪਰਤ ਕੇ ਆਪਣੀ ਵਿਰਾਸਤ ਨੂੰ ਸੰਭਾਲਿਆ ਜਾਵੇ।
ਹਿਠਾੜ ਦੀਆਂ ਰੇਤਲੀਆਂ ਜ਼ਮੀਨਾਂ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਰਕਰਾਰ ਹੈ । ਇਨ੍ਹਾਂ ਪਿੰਡਾਂ ਦੇ ਕਿਸਾਨਾ ਨੇ ਵੀ ਸਰਕਾਰੀ ਜਾਗਰੂਕਤਾ ਦੇ ਉੱਦਮ ਸਦਕਾ ਘੱਟ ਪਾਣੀ ਵਾਲੀਆਂ ਫ਼ਸਲਾਂ ਵੱਲ ਰੁੱਖ ਕਰ ਲਿਆ ਹੈ। ਨਵੀਆਂ ਨਵੀਆਂ ਕੱਢੀਆਂ ਜ਼ਮੀਨਾਂ ਘੱਟ ਖਰਚੇ ਨਾਲ ਵੱਧ ਫਸਲਾਂ ਅਤੇ ਆਮਦਨ ਦੇਣ ਲੱਗੀਆਂ ਹਨ ਜਿਸ ਕਰਕੇ ਖਰੀਦਦਾਰਾਂ ਨੇ ਵੀ ਇਨ੍ਹਾਂ ਜ਼ਮੀਨਾਂ ਵੱਲ ਰੁੱਖ ਕਰ ਲਿਆ ਹੈ।
ਹੁਣ ਫੇਰ ਸਵਾਲ ਪੈਦਾ ਹੁੰਦਾ ਹੈ ਕਿ ਮਾਲਵੇ ਵਿੱਚ ਧੋੜਿਆਂ ਦੀ ਰੇਤਾ ਖਤਮ ਹੋਣ ਮਗਰੋਂ , ਕੀ ਪੰਜਾਬ ਵਿੱਚ ਭਰਤੀ ਪਾਉਂਣ ਵਾਲੀ ਮਿੱਟੀ ਵੀ ਰਾਜਿਸਥਾਨ ਵਿੱਚੋਂ ਆਇਆ ਕਰੂ ਜਾਂ ਸਾਨੂੰ ਖ਼ੁਦ ਨੂੰ ਹੀ ਇਸਦਾ ਕੋਈ ਬਦਲ ਲੱਭਣਾ ਪਊ…?
ਖੈਰ ਮਾਲਵੇ ਵਿੱਚ ਰੇਤਾ ਖਤਮ ਹੋਣ ਨਾਲ ਜ਼ਮੀਨਾਂ ਪੱਧਰ ਹੋ ਗਈਆਂ ਹਨ , ਕੱਸੀਆਂ ਦਾ ਜਾਲ ਵਿਛ ਗਿਆ ਹੈ , ਘੱਟ ਖਰਚੇ ਨਾਲ ਜ਼ਮੀਨਾਂ ਵੱਧ ਆਮਦਨ ਦੇਣ ਲੱਗੀਆਂ ਹਨ , ਹਿਠਾੜ ਦੀਆਂ ਜ਼ਮੀਨਾਂ ਦੀ ਖਰੀਦ ਵਧੀ ਹੈ। ਘੱਟ ਪਾਣੀ ਵਾਲੀਆਂ ਫ਼ਸਲਾਂ ਦੀ ਬਿਜਾਈ ਨਾਲ ਅਸੀਂ ਆਪਣੇ ਵਿਰਸੇ ਵੱਲ ਮੁੜੇ ਹਾਂ । ਜਿਸਨੂੰ ਪੰਜਾਬ ਦੇ ਖੇਤੀ ਸੈਕਟਰ ਲਈ ਸ਼ੁਭ ਸ਼ਗਨ ਕਿਹਾ ਜਾਣਾ ਚਾਹੀਦਾ ਹੈ । ਇਹਦੇ ਨਾਲ ਨਾਲ ਹੀ ਸਾਨੂੰ ਆਪਣੇ ਆਪਣੇ ਖੇਤਾਂ ਵਿੱਚ ਕੁਦਰਤੀ , ਬਰਸਾਤੀ ਪਾਣੀ ਨੂੰ ਜਮਾਂ ਕਰਨ ਲਈ ਵੀ ਦੋ ਦੋ , ਚਾਰ ਚਾਰ ਮਰਲੇ ਵਿੱਚ ਬਰਸਾਤੀ ਪਾਣੀ ਜਮ੍ਹਾਂ ਕਰਨ ਦੀ ਤਕਨੀਕ ਅਪਣਾਉਣੀ ਸਮੇਂ ਦੀ ਮੁੱਖ ਮੰਗ ਹੈ।

Total Views: 117 ,
Real Estate