” ਮਿਹਰਬਾਨੀ ਨੀ ਬੜੀ “

ਵੈਣਾਂ ਵਾਂਗੂੰ ਲੱਗਦੇ ਨੇ ਤੇਰੇ ਘਰ,
ਗਾਏ ਜਾਣ ਵਾਲੇ ਨੀ ਸੁਹਾਗ,
ਤੂੰ ਤਾਂ ਮਾਨਣੀ ਐ ਸੇਜ਼,
ਅਸੀਂ ਸੂਲੀ ਟੰਗੇ ਹੋਣਾ ,
ਆਪੋ-ਆਪਣੇ ਨੇ ਭਾਗ।
ਹੋਰ ਵੀ ਕੋਈ ਰਹਿੰਦੀ ਐ ਤਾਂ,
ਕੱਢ ਲੈ  ਕਸਰ,
ਜਿੰਦ ਹਾਲੇ ਵੀ ਅੜੀ।-
ਹਾਸੇ ਲੈ ਕੇ ਹੰਝੂ ਸਾਨੂੰ ਦੇਣ ਵਾਲੀਏ ਨੀ,
ਮਿਹਰਬਾਨੀ ਐ ਬੜੀ।-
ਹਾਸੇ ਲੈ ਕੇ ਹੰਝੂ…………
ਰੋੜੀ ‘ਤੇ ਲਪੇਟ ਖ਼ਤ,
ਮਾਰਿਆ ਵਗਾਹ ਕੇ ,
ਸੀ ਤੂੰ ਬਾਰੀ  ਵਿੱਚ ਦੀ,
ਓਦੋਂ ਤੋਂ ਹੀ ਫੋਟੋ ਤੇਰੀ,
ਸਾਨੂੰ ਤਾਂ ਕਿਤਾਬਾਂ ਵਿੱਚੋਂ,
ਰਹੀ ਦਿੱਸਦੀ।
ਤੱਕਿਆ ਉਤਾਂਹ ਤਾਂ ਤੇਰੀ ਸੂਰਤ,
ਸੋਹਣੀ ਸੀ ਬੁੱਲ੍ਹ ਚਿੱਥਦੀ ਖੜੀ/-
ਹਾਸੇ ਲੈ ਕੇ ਹੰਝੂ ਸਾਨੂੰ…………
ਹੌਲੀ ਹੌਲੀ ਫੇਰ ਸਾਡੇ ਘਰੇ ਵੀ ਤੂੰ,
ਆਉਂਣ  ਲੱਗ ਪਈ।
ਇਸ਼ਕੇ ਦੇ ਪਾਠ ਚੋਂ ਤੂੰ ਕੁਝ ਕੁ,
ਬੁਝਾਰਤਾਂ ਸੀ ਪਾਉਂਣ ਲੱਗ ਪਈ।
ਬੇਬੇ ਤੋਂ ਚੁਰਾ ਕੇ ਅੱਖ,
ਕੱਢ ਕੇ ਅੰਗੂਠਾ ,
ਤੂੰ ਸੈਂ ਹੱਸਦੀ ਖੜੀ।
ਹਾਸੇ ਲੈ ਕੇ ਹੰਝੂ ਸਾਨੂੰ……….
ਇੱਕ ਦਿਨ ਸਾਡੀ ਕੁੱਲੀ,
ਕਲੀਆਂ ਨੇ ਮੁੱਖੜੇ ਤੋਂ ,
ਘੁੰਡ ਲਾਹ ਲਿਆ,
ਹੋਣਾ ਕੀ ਸੀ ਫੇਰ ਬੱਸ ਮਿੱਤਰੋ,
ਕੁੱਲੀ ‘ਚ ਭੁਚਾਲ ਆ ਗਿਆ।
ਮੁੱਖ ਸੱਜਰੇ ਤ੍ਰੇਲ ਧੋਤੇ ਫੁੱਲਾਂ ਜੇਹਾ,
ਕੇਹੀ ਸੀ ਸੁਲੱਖਣੀ ਘੜੀ/-
ਹਾਸੇ ਲੈ ਕੇ ਹੰਝੂ ਸਾਨੂੰ………
ਹੱਥੀਂ ਚਾੜ੍ਹ ਕੇ ਚੁਬਾਰੇ,
ਪੌੜੀ ਖਿੱਚ ਲੈਣ ਵਾਲੀਏ,
ਨੀ ਦੱਸ ਕੀ ਕਵ੍ਹਾਂ,
ਕਿਹੜੇ ਖੂਹ ‘ਚ ਧੱਕਾ ਦਿੱਤਾ ਈ ਨੀ,
ਦੱਸ ਕੇ ਤਾਂ ਜਾਹ ,
ਕਿਹੜੇ ਭੋਰੇ ‘ਚ ਰਵ੍ਹਾਂ।
‘ਘੁਮਾਣ’ ਪੁੱਛੇ ‘ਕੁਲਦੀਪ’ ,
ਦੱਸ ਕਿੱਥੇ ਕੁ ਬਣਾਵਾਂ,
ਤੇਰੇ ਮੋਹ ਦੀ ਮੜ੍ਹੀ ?
ਹਾਸੇ ਲੈ ਕੇ ਹੰਝੂ ਸਾਨੂੰ……….
ਕੁਲਦੀਪ ਸਿੰਘ ਘੁਮਾਣ
70098-02137
ਸ੍ਰੀ ਮੁਕਤਸਰ ਸਾਹਿਬ।
Total Views: 237 ,
Real Estate