
ਆਓ ਰੁੱਖ ਲਾ ਕੇ ਧਰਤੀ ਬਚਾਈਏ
ਕੁਲਦੀਪ ਸਿੰਘ ਘੁਮਾਣ
ਮਨੁੱਖ ਆਪਣੇ ਆਪ ਨੂੰ ਸੱਭਿਅਕ ਸਮਝਣ ਦਾ ਭਰਮ ਪਾਲ ਰਿਹਾ ਹੈ ਜਾਂ ਢੌਂਗ ਰਚ ਰਿਹਾ ਹੈ। ਇਹ ਸਵਾਲ ਧਰਤੀ ‘ਤੋਂ ਲਗਾਤਾਰ ਘਟ ਰਹੇ ਰੁੱਖਾਂ ਦੀ ਗਿਣਤੀ ਤੋਂ ਆਪਣੇ ਆਪ ਹਰ ਜਾਗਰੂਕ ਵਿਅਕਤੀ ਦੇ ਮਨ ਵਿੱਚ ਆਉਂਣਾ ਸੁਭਾਵਕ ਹੈ। ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ , ਬਹੁਤ ਪੜ੍ਹ ਲਿਖ ਲਿਆ ਹੈ ਪਰ ਵਾਤਾਵਰਣ ਨੂੰ ਸੰਭਾਲਣ ਦੇ ਮਸਲੇ ‘ਤੇ ਬਹੁਤ ਲਾਪਰਵਾਹੀ ਵਾਲਾ ਵਤੀਰਾ ਅਪਣਾਇਆ ਹੋਇਆ ਹੈ । ਦੂਜੇ ਲਫ਼ਜ਼ਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਮਨੁੱਖ ਬਹੁਤ ਸਵਾਰਥੀ ਹੋ ਗਿਆ ਹੈ ।ਆਪਣੇ ਹੱਕਾਂ ਦਾ ਤਾਂ ਬਥੇਰਾ ਹੋ-ਹੱਲਾ ਮਚਾ ਰਿਹਾ ਹੈ ਪਰ ਆਪਣੇ ਫ਼ਰਜ਼ਾਂ ਤੋਂ ਅਵੇਸਲਾ ਹੋ ਗਿਆ ਹੈ। ਮਨੁੱਖ ਨੂੰ ਇਸ ਗੱਲ ਦਾ ਗਿਆਨ ਹੈ ਕਿ ਰੁੱਖਾਂ ਬਿਨਾਂ ਧਰਤੀ ‘ਤੇ ਮਨੁੱਖ ਦੀ ਹੋਂਦ ਅਸੰਭਵ ਹੈ ਪਰ ਫੇਰ ਵੀ ਪਿੱਛੇ ਪਰਤਣ ਦਾ ਨਾਂ ਨਹੀਂ ਲੈ ਰਿਹਾ ।
ਜਿੰਨ੍ਹਾਂ ਲਈ ਅਸੀਂ ਵੱਧ ਤੋਂ ਵੱਧ ਆਪਣੀ ਵਿਰਾਸਤ ਕੇਵਲ ਜ਼ਮੀਨ ਜਾਇਦਾਦ ਦੇ ਰੂਪ ਵਿੱਚ ਛੱਡਣ ਦੇ ਆਹਰ ਵਿੱਚ ਲੱਗੇ ਹੋਏ ਆਂ , ਉਨ੍ਹਾਂ ਨੂੰ ਸਾਹ ਲੈਣ ਲਈ ਸਾਫ਼ ਹਵਾ , ਨਿਰਮਲ ਪਾਣੀ ਅਤੇ ਜਰਖੇਜ਼ ਧਰਤੀ ਦੀ ਵੀ ਲੋੜ ਹੈ । ਸਾਡੇ ਵੱਲੋਂ ਛੱਡੀ ਗਈ ਵਿਰਾਸਤ ਦੇ ਮੌਲਣ ਲਈ ਸਾਫ਼ ਵਾਤਾਵਰਣ ਬਹੁਤ ਜਰੂਰੀ ਹੈ । ਸਾਡੇ ਪੁਰਖਿਆਂ ਨੇ ਰੁੱਖ ਲਾਏ ਸਨ , ਜਿੰਨ੍ਹਾਂ ਨੇ ਸਾਡੇ ਜੀਵਨ ਨੂੰ ਅਨੰਦਮਈ ਬਨਾਉਂਣ ਲਈ ਸਾਫ ਸੁਥਰਾ ਵਾਤਾਵਰਣ ਦਿੱਤਾ ਅਤੇ ਸਾਨੂੰ ਜ਼ਿੰਦਗੀ ਦਾ ਸੋਹਜ ਬਖਸ਼ਿਆ । ਅਸੀਂ ਧੜਾਧੜ ਰੁੱਖ ਕੱਟ ਰਹੇ ਹਾਂ , ਸਾੜ ਰਹੇ ਹਾਂ , ਧਰਤੀ ‘ਤੇ ਅੱਗਾਂ ਲਾ ਰਹੇ ਆਂ, ਪਹਾੜਾਂ ਦੀ ਕਟਾਈ ਕਰ ਰਹੇ ਆਂ। ਲੱਖਾਂ ਦੀ ਤਦਾਦ ਵਿੱਚ ਏ ਸੀਆਂ ਰਾਹੀਂ ਵਾਤਾਵਰਣ ਵਿੱਚ ਗਰਮੀ ਪੈਦਾ ਕਰ ਰਹੇ ਹਾਂ । ਅਸੀਂ ਆਪਣੀਆਂ ਆਉਂਣ ਵਾਲੀਆਂ ਉੱਮਤਾਂ ਨੂੰ ਕੀ ਦੇ ਕੇ ਜਾ ਰਹੇ ਹਾਂ ….? ਇਹ ਸਵਾਲ ਹਰ ਜਾਗਰੂਕ ਵਿਅਕਤੀ ਮੱਥੇ ਵਿੱਚ ਸਵਾਲੀਆ ਚਿੰਨ੍ਹ ਬਣ ਕੇ ਉੱਕਰਿਆ ਖੜਾ ਹੈ।
ਸੜਕਾਂ ‘ਤੇ ਦੌੜਦੀਆਂ ਕਰੋੜਾਂ ਮੋਟਰ ਗੱਡੀਆਂ ਦਾ ਪ੍ਰਦੂਸ਼ਣ ਵਾਤਾਵਰਣ ਨੂੰ ਬੁਰੀ ਤਰਾਂ ਗੰਧਲਾ ਕਰ ਰਿਹਾ ਹੈ। ਵਾਯੂਮੰਡਲ ਵਿੱਚ ਅੱਖ ਦੇ ਫੋਰ ਵਿੱਚ ਸੈਂਕੜੇ ਮੀਲ ਉੱਡੇ ਜਾਂਦੇ ਹਵਾਈ ਜਹਾਜ਼ ਵੇਖਣ ਵਾਲੇ ਨੂੰ ਸੋਹਣੇ ਵੀ ਲੱਗਦੇ ਹਨ ਅਤੇ ਅਚੰਭਿਤ ਵੀ ਕਰਦੇ ਹਨ ਪਰ ਲਗਾਤਾਰ ਗਰਮੀ ਪੈਦਾ ਕਰ ਰਹੇ ਹਨ । ਓਜ਼ੋਨ ਪਰਤ ਵਿੱਚ ਮਘੋਰੇ ਹੋਰ ਵੱਡੇ ਹੁੰਦੇ ਜਾ ਰਹੇ ਹਨ। ਇਹਦੇ ਲਈ ਸੋਚਣ ਤੇ ਇਲਾਜ ਲਈ ਵੀ ਸਾਡੇ ਕੋਲ ਸਮਾਂ ਤੇ ਸਮਝ ਨਹੀਂ ਹੈ। ਇਹਦੇ ਲਈ ਜ਼ਿੰਮੇਵਾਰ ਕੋਈ ਹੋਰ ਨਹੀਂ , ਅਸੀਂ ਖ਼ੁਦ ਹਾਂ।
ਏ ਸੀ ਕਲਚਰ ਨੇ ਸਾਡਾ ਭਾਈਚਾਰਾ ਖਤਮ ਕਰ ਦਿੱਤਾ ਹੈ। ਪਹਿਲਾਂ ਸਾਰਾ ਸਾਰਾ ਪ੍ਰਵਾਰ ਰੁੱਖਾਂ ਥੱਲੇ ਬੈਠਦਾ ਸੀ। ਸੰਵਾਦ ਹੁੰਦਾ ਸੀ । ਰਿਸ਼ਤਿਆਂ ਵਿੱਚ ਨਿੱਘ ਮੌਲਦਾ ਸੀ। ਪਿੰਡ ਦੇ ਬਜ਼ੁਰਗ ਸਾਂਝੀਆਂ ਥਾਵਾਂ ‘ਤੇ ਲੱਗੇ ਹੋਏ ਰੁੱਖਾਂ ਥੱਲੇ ਬੈਠਦੇ ਸੀ। ਪਿੰਡ ਦੇ ਹਰ ਘਰ ਦੇ ਦੁਖ ਸੁਖ ਅਤੇ ਦੂਰ ਦੁਰਾਡੇ ਦੇ ਰਿਸ਼ਤਿਆਂ ਦੀ ਵੀ ਖੈਰ ਸੁੱਖ ਪੁੱਛੀ ਜਾਂਦੀ ਸੀ , ਹੁਣ ਗੁਆਂਢ ‘ਚ ਵੱਸਦੇ ਲੋਕਾਂ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ। ਰੁੱਖਾਂ ਦੇ ਅਣਹੋਂਦ ਦੇ ਚੱਲਦਿਆਂ , ਏ ਸੀ ਕਲਚਰ ਨੇ ਵਾਤਾਵਰਣ ਨੂੰ ਪਲੀਤ ਕੀਤਾ ਹੈ।
ਅਜੋਕੇ ਧਾੜਵੀਆਂ ਨੇ ਸਾਂਝੀਆਂ ਥਾਵਾਂ ਉੱਪਰ ਨਜਾਇਜ਼ ਕਬਜ਼ੇ ਕਰ ਲਏ ਹਨ। ਛੱਪੜਾਂ ਨੂੰ ਪੂਰ ਕੇ ਉਸਾਰੀਆਂ ਕਰ ਲਈਆਂ ਹਨ। ਜੰਗਲਾਂ ਦੀ ਲਗਾਤਾਰ ਕਟਾਈ ਕੀਤੀ ਜਾ ਰਹੀ ਹੈ। ਸੜਕਾਂ ਦੇ ਕੰਢਿਆਂ ‘ਤੇ ਲੱਗੇ ਕਰੋੜਾਂ ਰੁੱਖਾਂ ਨੂੰ , ਚੌੜੇ ਹੋ ਰਹੇ ਸ਼ਾਹ ਮਾਰਗਾਂ ਨੇ ਖਾ ਲਿਆ ਹੈ ਪਰ ਉਨ੍ਹਾਂ ਦੀ ਥਾਂ ‘ਤੇ ਨਵੇਂ ਰੁੱਖ ਲਾਉਂਣ ਵੱਲ ਸੇਰ ‘ਚੋਂ ਪੂਣੀ ਵੀ ਨਹੀਂ ਕੱਤੀ ਗਈ। 2018 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਜੰਗਲਾਂ ਹੇਠ ਰਕਬਾ 5.08 ਪ੍ਰਤੀਸ਼ਤ ਹੀ ਰਹਿ ਗਿਆ ਹੈ । ਭਾਰਤੀ ਵਣ ਨੀਤੀ ਅਨੁਸਾਰ ਸੂਬੇ ਦਾ 33 ਪ੍ਰਤੀਸ਼ਤ ਰਕਬਾ ਜੰਗਲਾਂ ਅਧੀਨ ਹੋਣਾ ਚਾਹੀਦਾ ਸੀ ਜਦੋਂ ਕਿ ਪੰਜਾਬ ਵਿੱਚ ਤਾਂ ਮਾਰੂਥਲ ਸੂਬੇ ਰਾਜਿਸਥਾਨ ਤੋਂ ਵੀ ਘੱਟ ਰਕਬਾ ਜੰਗਲਾਂ ਅਧੀਨ ਹੈ ।
ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਾਤਾਵਰਣ ਵਿੱਚ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।ਫਸਲਾਂ ਦਾ ਝਾੜ ਲਗਾਤਾਰ ਘਟ ਰਿਹਾ ਹੈ। ਨਵੀਆਂ ਨਵੀਆਂ ਬੀਮਾਰੀਆਂ ਨੇ ਮਨੁੱਖ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ । ਦਵਾਈਆਂ ਜ਼ਿੰਦਗੀ ਲਈ ਖੁਰਾਕ ਦਾ ਹੀ ਹਿੱਸਾ ਬਣਾਉਂਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਕਸੀਜਨ ਗੁਬਾਰਿਆਂ ਵਿੱਚ ਭਰਕੇ ਸਟੇਟਸ ਸਿੰਬਲ ਦੇ ਨਾਂ ਤੋਂ ਸ਼ੁਰੂ ਕਰ ਕੇ , ਆਮ ਲੋਕਾਂ ਦੀ ਲੋੜ ਬਣਾ ਦਿੱਤੀ ਜਾਵੇਗੀ। ਜਿਵੇਂ ਖਾਲਾਂ , ਕੱਸੀਆਂ, ਸੂਇਆਂ ਤੇ ਨਹਿਰਾਂ ਦਾ ਪਾਣੀ ਬੁੱਕ ਭਰ ਭਰ ਕੇ ਪੀਣ ਵਾਲਿਆਂ ਨੂੰ , ਆਰ ਓ ਦੇ ਮੁਥਾਜ ਬਣਾ ਦਿੱਤਾ ਗਿਆ ਹੈ।
ਅਸੀਂ ਕਦੇ ਮਜਲਿਸਾਂ , ਮਹਿਫਲਾਂ ਵਿੱਚ ਇਨ੍ਹਾਂ ਗੱਲਾਂ ਦੀ ਚਰਚਾ ਨਹੀਂ ਛੇੜੀ ਕਿ ਅਸੀਂ ਕੁਦਰਤਿ ਤੋਂ ਕਿਉਂ ਦੂਰ ਹੋ ਗਏ , ਸਾਦੀ ਜ਼ਿੰਦਗੀ ਤੋਂ ਸਾਨੂੰ ਨਫ਼ਰਤ ਕਿਉਂ ਹੋਣ ਲੱਗ ਪਈ ਹੈ। ਖੇਤਾਂ ਦੇ ਕਾਮਿਆਂ ਦੇ ਦਿਮਾਗ ਵਿੱਚ , ਇਹ ” ਬਰਾਂਡ ” ਕੀਹਨੇ ਘਸੋੜ ਦਿੱਤਾ ਹੈ। ਸਾਨੂੰ ਦੁੱਧ , ਘਿਓ , ਲੱਸੀ , ਦਹੀਂ , ਪਨੀਰ , ਖੋਏ , ਪੰਜੀਰੀਆਂ ਪਿੰਨੀਆਂ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਇਹੀ ਸਾਡੇ ਦਰਸ਼ਨੀ ਜੁੱਸਿਆਂ ਦੀਆਂ ਅਸਲ ਖੁਰਾਕਾਂ ਹੁੰਦੀਆਂ ਸਨ ਪਰ ਹੁਣ ਸਾਡੇ ਲਈ ‘ਜ਼ਹਿਰ’ ਕਿਉਂ ਬਣਾ ਦਿੱਤੀਆਂ ਗਈਆਂ ਹਨ । ਪੁਰਾਣੇ ਬਜ਼ੁਰਗ ਸਵਾਲ ਕਰਦੇ ਹਨ ਕਿ ਅਸਲ ਖੁਰਾਕਾਂ ‘ਤੇ ਰੋਕ ਲੱਗਣ ਤੋਂ ਬਾਅਦ ਖਾਈਏ ਕੀ…..? ਆਟਾ ਫੱਕ ਲਿਆ ਕਰੀਏ……? ਪੈਸੇ ਦੀ ਹਵਸ ਨੇ ਜ਼ਹਿਰਾਂ ਤੇ ਮਿਲਾਵਟਾਂ ਪਰੋਸ ਕੇ ਮਨੁੱਖ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਹਵਾ , ਪਾਣੀ ਅਤੇ ਧਰਤੀ ਵੀ ਗੰਧਲੀ ਕਰ ਦਿੱਤੀ ਹੈ।
ਹਵਾ , ਪਾਣੀ ਅਤੇ ਧਰਤੀ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਬਣਾਉਂਣ ਲਈ ਆਓ ਅੱਜ ਤੋਂ ਹੀ ਪਹਿਲ ਕਦਮੀ ਕਰਨ ਦੇ ਯਤਨ ਕਰੀਏ। ਜੁਲਾਈ ਦਾ ਮਹੀਨਾ ਆ ਰਿਹਾ ਹੈ। ਬਰਸਾਤਾਂ ਦਾ ਮਹੀਨਾ ਹੈ। ਪੰਚਾਇਤਾਂ, ਪਿੰਡਾਂ ਦੇ ਰਾਹਾਂ ਦੇ ਦੋਵੇਂ ਪਾਸੇ , ਪੰਚਾਇਤ ਘਰਾਂ,ਸਕੂਲਾਂ,ਸ਼ਮਸ਼ਾਨ ਘਾਟਾਂ , ਹੱਡਾ ਰੋੜੀਆਂ , ਗੁਰਦੁਆਰਿਆਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਉਨ੍ਹਾਂ ਰੁੱਖਾਂ ਨੂੰ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖਭਾਲ ਕਰੀਏ।




















