ਮੋਹਾਲੀ ਅਟੈਕ : ਹਮਲਾਵਰਾਂ ਨੇ ਸਾਨੂੰ ਚੁਣੌਤੀ ਦਿੱਤੀ ਹੈ – ਡੀਜੀਪੀ

ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਤੇ ਹੋਏ ਹਮਲੇ ਦੇ ਹਵਾਲੇ ਨਾਲ ਕਿਹਾ ਕਿ ਹਮਲਾਵਰਾਂ ਨੇ ‘ਸਾਨੂੰ ਚੁਣੌਤੀ ਦਿੱਤੀ ਹੈ’ ਤੇ ਪੰਜਾਬ ਪੁਲੀਸ ਇਸ ਚੁਣੌਤੀ ਦਾ ਤਕੜੇ ਹੋ ਕੇ ਟਾਕਰਾ ਕਰੇਗੀ। ਡੀਜੀਪੀ ਭਾਵਰਾ ਇਥੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨਾਲ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਡੀਜੀਪੀ ਵੀ।ਕੇ। ਭਾਵਰਾ ਸਿੱਧਾ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਪਹੁੰਚੇ ਸਨ। ਇਥੇ ਉਨ੍ਹਾਂ ਏਡੀਜੀਪੀ, ਆਈਜੀ, ਡੀਆਈਜੀ ਰੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਵੀ ਹਾਜ਼ਰ ਸਨ। ਪੁਲੀਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਟੀਐਨਟੀ ਬਾਰੂਦ ਦੀ ਵਰਤੋਂ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਡੀਜੀਪੀ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਨੂੰ ਵੱਡੀ ਲੀਡ ਮਿਲੀ ਹੈ ਅਤੇ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ ਅਤੇ ਹਮਲਾਵਰ ਬਹੁਤ ਜਲਦ ਹਵਾਲਾਤ ਵਿੱਚ ਬੰਦ ਨਜ਼ਰ ਆਉਣਗੇ। ਹਾਲਾਂਕਿ ਪੁਲੀਸ ਨੇ ਪੁੱਛਗਿੱਛ ਲਈ ਕਰੀਬ ਦਰਜਨ ਭਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਡੀਜੀਪੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਮਲੇ ਪਿੱਛੇ ਖ਼ਾਲਿਸਤਾਨ ਜਾਂ ਹੋਰਨਾਂ ਦਹਿਸ਼ਤਗਰਦਾਂ ਦਾ ਹੱਥ ਹੋਣ ਬਾਰੇ ਪੁੱਛੇ ਸਵਾਲ ਨੂੰ ਉਹ ਇਹ ਕਹਿ ਕੇ ਟਾਲ ਗਏ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਂਜ ਉਨ੍ਹਾਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਸਿੱਟ ਬਣਾਉਣ ਦੀ ਵੀ ਗੱਲ ਕਹੀ। ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਅੰਬਾਲਾ ਤੋਂ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਬੰਧੀ ਉੱਚ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ। ਹਾਲਾਂਕਿ ਮੁੱਖ ਮੰਤਰੀ ਅਤੇ ਡੀਜੀਪੀ ਵੀ।ਕੇ।ਭਾਵਰਾ ਦੇ ਬਿਆਨ ਵੀ ਆਪਸ ਵਿੱਚ ਮੇਲ ਨਹੀਂ ਖਾਂਦੇ ਹਨ।

Total Views: 299 ,
Real Estate