ਲੂ ਤੋਂ ਕਿਵੇਂ ਕਰੀਏ ਬਚਾਅ

ਤਾਪਮਾਨ ਵਿੱਚ ਰੋਜ਼ਾਨਾ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਲੂ ਭਾਵ ਹੀਟ ਵੇਵ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਹੀਟ ਵੇਵ ਨੂੰ ਮੱਦੇਨਜਰ ਰੱਖਦਿਆਂ ਵਿਸ਼ੇਸ਼ ਤੌਰ ‘ਤੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। 40 ਡਿਗਰੀ ਤੋਂ ਵੱਧ ਤਾਪਮਾਨ ਹੋ ਜਾਣ ਨਾਲ ਲੂ ਦੀ ਸਥਿਤੀ ਬਣ ਜਾਂਦੀ ਹੈ ਜੋ ਕਿ ਸਰੀਰ ਦੇ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦੀ ਹੈ ਅਤੇ ਗਰਮੀ ਨਾਲ ਸੰਬੰਧਤ ਬਿਮਾਰੀਆਂ ਦਾ ਕਾਰਨ ਬਣਦੀ ਹੈ। ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀ, ਮਜਦੂਰੀ ਕਰਨ ਵਾਲੇ ਅਤੇ ਉਹ ਲੋਕ ਜੋ ਸਰੀਰਕ ਤੌਰ ‘ਤੇ ਬਿਮਾਰ ਹਨ, ਖਾਸਕਰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਉਨ੍ਹਾਂ ਨੂੰ ਹੀਟ ਵੇਵ ਦਾ ਵਧੇਰੇ ਜੋਖਮ ਹੁੰਦਾ ਹੈ। ਹੀਟ ਵੇਵ ਦੌਰਾਨ ਸਾਨੂੰ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਹਰੀਆਂ ਸਬਜੀਆਂ, ਮੌਸਮੀ ਫ਼ਲ ਜਿਵੇਂ ਤਰਬੂਜ, ਖਰਬੂਜਾ, ਅੰਗੂਰ, ਲਿਚੀ ਅਤੇ ਨਿੰਬੂ ਪਾਣੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂ ਜੋ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ।
ਹੀਟ ਵੇਵ ਦੇ ਲੱਛਣ ਅਤੇ ਬਚਾਅ ਲਈ ਕੀ ਹਨ ਸਾਵਧਾਨੀਆਂ

*ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਵੱਧ ਹੋਣਾ, ਬਹੁਤ ਤੇਜ ਸਿਰ ਦਰਦ ਹੋਣਾ, ਬੇਚੈਨੀ, ਚੱਕਰ ਆਉਣਾ, ਮਾਸਪੇਸ਼ੀਆਂ ਦੀ ਕਮਜੋਰੀ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ, ਦਿਲ ਦੀ ਧੜਕਨ ਤੇਜ ਹੋਣਾ ਆਦਿ ਲੂ ਦੇ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਨਜਦੀਕੀ ਸਿਹਤ ਸੰਸਥਾ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
*ਜੇਕਰ ਸੰਭਵ ਹੋਵੇ ਤਾਂ ਬਾਹਰਲੇ ਕੰਮ ਸਵੇਰੇ ਅਤੇ ਸ਼ਾਮ ਨੂੰ ਹੀ ਕੀਤੇ ਜਾਣ ਤਾਂ ਜੋ ਲੂ ਤੋਂ ਬਚਿਆ ਜਾ ਸਕੇ। ਜੇਕਰ ਧੁੱਪ ਵਿੱਚ ਬਾਹਰ ਜਾਣਾ ਜਿਆਦਾ ਜਰੂਰੀ ਹੋਵੇ ਤਾਂ ਪਾਣੀ ਨਾਲ ਲੈ ਕੇ ਜਰੂਰ ਜਾਓ। ਥੋੜ੍ਹੇ-ਥੋੜ੍ਹੇ ਵਕਫੇ ਬਾਅਦ ਪਾਣੀ ਜਰੂਰ ਪੀਓ।
*ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਉਣ ਦੇ ਨਾਲ-ਨਾਲ ਧੁੱਪ ਤੋਂ ਬਚਾਅ ਲਈ ਛੱਤਰੀ, ਟੋਪੀ, ਤੋਲੀਏ ਆਦਿ ਦੀ ਵਰਤੋ ਕੀਤੀ ਜਾਵੇ।
*ਮਿਰਗੀ, ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਵਿਅਕਤੀ ਜੋ ਤਰਲ ਪਦਾਰਥਾਂ ਦੀ ਸੀਮਿਤ ਖੁਰਾਕ ‘ਤੇ ਹਨ, ਪਾਣੀ ਦਾ ਸੇਵਨ ਵਧਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜਰੂਰ ਲੈਣ।

Total Views: 204 ,
Real Estate