ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ‘ਚ ਅਸਫ਼ਲ ਰਹਿਣ ‘ਤੇ ਪੰਜਾਬ ਪੁਲੀਸ ਦੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਖਿਚਾਈ ਕੀਤੀ ਹੈ। ਅਦਾਲਤ ਨੇ ਕਿਹਾ ਕਿ ਪੁਲੀਸ ਸਿਰਫ਼ ਵਾਹ-ਵਾਹ ਖੱਟਣ ਲਈ ਛੋਟੇ ਮੋਟੇ ਤਸਕਰਾਂ ਨੂੰ ਤਾਂ ਫੜ ਲੈਂਦੀ ਹੈ, ਪਰ ਨਸ਼ਾ ਤਸਕਰੀ ਦੇ ‘ਵੱਡੇ ਸੌਦਾਗਰਾਂ’ (ਵੱਡੀਆਂ ਮੱਛੀਆਂ) ਨੂੰ ਹੱਥ ਤੱਕ ਨਹੀਂ ਪਾਉਂਦੀ।ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, “ਅੱਜ ਅਸੀ ਤੁਹਾਡੀ ਪੁਲੀਸ ਦੇ ਕੰਮ ਕਰਨ ਦੇ ਤਰੀਕੇ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ। ਹਰ ਕੋਈ ਜਾਣਦਾ ਹੈ ਕਿ ਉਹ ਕਿਸ ਨੂੰ ਗ੍ਰਿਫ਼ਤਾਰ ਕਰ ਰਹੇ ਹਨ ਅਤੇ ਕਿਸ ਨੂੰ ਛੱਡ ਰਹੇ ਹਨ। ਇਸ ਲਈ ਕਿਰਪਾ ਕਰਕੇ ਕੁਝ ਕਰੋ। ਨਸ਼ਿਆਂ ਦੇ ਮਾਮਲਿਆਂ ਵਿੱਚ ਹੋ ਰਿਹਾ ਵਾਧਾ ਇੰਨਾ ਚਿੰਤਾਜਨਕ ਹੈ ਕਿ ਸਾਰੇ ਸਬੰਧਤ ਪੱਖਾਂ ਨੂੰ ਇਸ ‘ਤੇ ਗੰਭੀਰਤਾ ਨਾਲ ਦੁਬਾਰਾ ਸੋਚਣਾ ਪਵੇਗਾ। ਨਿਆਂਇਕ ਪੱਖ ਤੋਂ, ਮੈਂ ਇਹ ਯਕੀਨੀ ਬਣਾਵਾਂਗਾ ਕਿ ਸਾਰੀਆਂ ਹਾਈ ਕੋਰਟਾਂ ਪੂਰਾ ਸਹਿਯੋਗ ਦੇਣ। ਸਾਨੂੰ ਨਸ਼ਾ ਵੇਚਣ ਵਾਲੇ ਛੋਟੇ ਤਸਕਰਾਂ ਦੀ ਬਜਾਏ ਇਨ੍ਹਾਂ ਵੱਡੀਆਂ ਮੱਛੀਆਂ ਨੂੰ ਫੜਨ ਦੀ ਲੋੜ ਹੈ ਜੋ ਇਸ ਵਿੱਚ ਸ਼ਾਮਲ ਹਨ। ਇਹ ‘ਵੱਡੀਆਂ ਮੱਛੀਆਂ’ ਖਾਸ ਤੌਰ ‘ਤੇ ਉਹ ਪ੍ਰਭਾਵਸ਼ਾਲੀ ਲੋਕ ਹਨ ਜੋ ਇਸ ਧੰਦੇ ਵਿੱਚ ਸ਼ਾਮਲ ਹਨ।”ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਪੁਲੀਸ ਅਸਲ ਕੰਮ ਕਰਨ ਦੀ ਬਜਾਏ ਸਿਰਫ਼ ਵਾਹ-ਵਾਹ ਖੱਟਣ (publicity) ਪਿੱਛੇ ਭੱਜ ਰਹੀ ਹੈ। ਬੈਂਚ ਨੇ ਕਿਹਾ, “ਸਮੱਸਿਆ ਇਹ ਹੈ ਕਿ ਤੁਹਾਡੀ ਪੁਲੀਸ ਪ੍ਰਚਾਰ ਕਰਵਾਉਣ ਲਈ ਬਹੁਤ ਕਾਹਲੀ ਰਹਿੰਦੀ ਹੈ। ਉਹ ਕਿਸੇ ਪਿੰਡ ਦੇ ਇੱਕ ਗਰੀਬ ਲੜਕੇ ਨੂੰ ਫੜ ਲੈਂਦੇ ਹਨ, ਉਸ ਦੀ ਫੋਟੋ ਖਿਚਵਾਉਂਦੇ ਹਨ ਅਤੇ ਉਹ ਅਖ਼ਬਾਰਾਂ ਵਿੱਚ ਛਪ ਜਾਂਦੀ ਹੈ, ਜਿਵੇਂ ਕਿ ਤੁਸੀਂ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੋਵੇ। ਮੈਂ ਹਾਈ ਕੋਰਟ ਵਿੱਚ ਉਸ ਮਾਮਲੇ ਨੂੰ ਦੇਖਿਆ ਹੈ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਕੌਣ-ਕੌਣ ਕੰਮ ਕਰ ਰਿਹਾ ਹੈ ਅਤੇ ਇਹ ਚੀਜ਼ਾਂ ਕਿਵੇਂ ਹੋ ਰਹੀਆਂ ਹਨ।”ਜਸਟਿਸ ਜੋਇਮਾਲਿਆ ਬਾਗਚੀ ਦੀ ਸ਼ਮੂਲੀਅਤ ਵਾਲੀ ਬੈਂਚ ਨੇ ਸਵਾਲ ਕੀਤਾ ਕਿ ਪੁਲੀਸ ਮਾਮਲੇ ਦੀ ਜੜ੍ਹ ਤੱਕ ਕਿਉਂ ਨਹੀਂ ਜਾਂਦੀ? ਅਦਾਲਤ ਨੇ ਕਿਹਾ ਕਿ ਜਦੋਂ ਕੋਈ ਚੀਜ਼ (ਨਸ਼ਾ) ਬਾਜ਼ਾਰ ਵਿੱਚ ਵਿਕਣ ਆਉਂਦੀ ਹੈ, ਉਦੋਂ ਤੁਸੀਂ ਲੋਕਾਂ ਨੂੰ ਫੜਦੇ ਹੋ, ਪਰ ਇਹ ਉੱਥੇ ਪਹੁੰਚ ਕਿਵੇਂ ਰਹੀ ਹੈ? ਅਦਾਲਤ ਨੇ ਕਿਹਾ ਕਿ ਆਪਣੇ ਅਧਿਕਾਰੀਆਂ ਨੂੰ ਪੁੱਛੋ, ਉਹ ਤੁਹਾਨੂੰ ਦੱਸਣਗੇ ਕਿ ਲੁਧਿਆਣਾ ਦੀ ਉਹ ਕਿਹੜੀ ਮਾਰਕੀਟ ਹੈ ਜਿਸ ਬਾਰੇ ਬਦਕਿਸਮਤੀ ਨਾਲ ਉਸ ਸਮੇਂ ਕਿਹਾ ਗਿਆ ਸੀ ਕਿ ਉਹ ਨਸ਼ੇ ਦਾ ਮੁੱਖ ਕੇਂਦਰ ਬਣ ਚੁੱਕੀ ਹੈ। ਇਹ ਸਾਰੀਆਂ ਗੱਲਾਂ ਤੁਹਾਡੀ ਜਾਂਚ ਏਜੰਸੀ ਨੂੰ ਚੰਗੀ ਤਰ੍ਹਾਂ ਪਤਾ ਹਨ।
ਸੁਪਰੀਮ ਕੋਰਟ ਨੇ ਪੰਜਾਬ ਵਿੱਚ ਨਸ਼ਿਆਂ ਨਾਲ ਨਜਿੱਠਣ ‘ਚ ਅਸਫ਼ਲ ਰਹਿਣ ‘ਤੇ ਪੰਜਾਬ ਪੁਲੀਸ ਦੀ ਕੀਤੀ ਖਿਚਾਈ
Real Estate
















