
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਵਿਧਾਨ ਸਭਾ ਦੀ ਇਮਾਰਤ ਅਤੇ ਗੇਟ ਅੱਗੇ ਖਾਲਿਸਤਾਨ ਦੇ ਝੰਡੇ ਲਗਾ ਦਿੱਤੇ ਗਏ। ਇਸਦੇ ਨਾਲ ਹੀ ਇਮਾਰਤ ਦੀਆਂ ਕੰਧਾਂ ‘ਤੇ ਰੰਗ ਨਾਲ ਖਾਲਿਸਤਾਨ ਵੀ ਲਿਖਿਆ ਗਿਆ। ਧਰਮਸ਼ਾਲਾ ਦੀ ਐੱਸਡੀਐੱਮ ਸ਼ਿਲਪੀ ਬੇਕਟਾ ਨੇ ਦੱਸਿਆ, ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਹਿਮਾਚਲ ਪ੍ਰਦੇਸ਼ ਖੁੱਲ੍ਹੀਆਂ ਥਾਵਾਂ (ਵਿਗਾੜ ਦੀ ਰੋਕਥਾਮ) ਐਕਟ, 1985 ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ”ਇਹ ਸਾਨੂੰ ਚੌਕਸ ਕਰਨ ਵਾਲੀ ਗੱਲ ਹੈ ਕਿ ਅਸੀਂ ਵਧੇਰੇ ਚੌਕਸੀ ਨਾਲ ਕੰਮ ਕਰਨਾ ਹੈ।” ਐੱਸਡੀਐੱਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਸੀ ਤੇ ਪੌਣੇ ਅੱਠ ਵਜੇ ਸਥਾਨਕ ਲੋਕਾਂ ਵੱਲੋਂ ਵੀ ਇੱਕ ਫੋਨ ਆਇਆ ਸੀ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਟਵੀਟ ਕਰਕੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ”ਧਰਮਸ਼ਾਲਾ ਵਿਧਾਨ ਸਭਾ ਪਰਿਸਰ ਦੇ ਗੇਟ ‘ਤੇ ਰਾਤ ਦੇ ਹਨੇਰੇ ਵਿੱਚ ਖਾਲਿਸਤਾਨ ਦੇ ਝੰਡੇ ਲਹਿਰਾਉਣ ਵਾਲੀ ਕਾਇਰਤਾਪੂਰਨ ਘਟਨਾ ਦੀ ਮੈਂ ਨਿੰਦਾ ਕਰਦਾ ਹਾਂ। ਇਸ ਵਿਧਾਨ ਸਭਾ ਵਿੱਚ ਸਿਰਫ਼ ਸਰਦ ਰੁੱਤ ਸੈਸ਼ਨ (ਵਿੰਟਰ ਸੈਸ਼ਨ) ਹੀ ਹੁੰਦਾ ਹੈ, ਇਸ ਲਈ ਇੱਥੇ ਉਸ ਦੌਰਾਨ ਹੀ ਵਧੇਰੇ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੁੰਦੀ ਹੈ।”



















