ਮੋਦੀ ਨੇ ਸੂਬਿਆਂ ਨੂੰ ਪੈਟਰੋਲ-ਡੀਜ਼ਲ ਤੇ ਵੈਟ ਘਟਾਉਣ ਲਈ ਕਿਹਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੁੱਧਵਾਰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੋਰੋਨਾ ਦਾ ਖਤਰਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ । ਇਸ ਲਈ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ । ਉਨ੍ਹਾ ਕਿਹਾ ਕਿ ਇਹ ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ 96 ਫੀਸਦੀ ਬਾਲਗ ਆਬਾਦੀ ਨੂੰ ਕੋਵਿਡ-19 ਦਾ ਘੱਟੋ-ਘੱਟ ਇਕ ਟੀਕਾ ਲੱਗ ਚੁੱਕਿਆ ਹੈ । ਇਸੇ ਦੌਰਾਨ ਮੋਦੀ ਨੇ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਸਮੇਤ ਵਿਸ਼ਵ ਵਿਆਪੀ ਹਾਲਾਤ ਦੇ ਮੱਦੇਨਜ਼ਰ ਵਧਦੀਆਂ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਆਰਥਕ ਫੈਸਲਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਵਧੇਰੇ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ । ਉਨ੍ਹਾ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾਉਣ ਤਾਂ ਜੋ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ । ਪ੍ਰਧਾਨ ਮੰਤਰੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਘੱਟ ਕਰਨ ਲਈ ਪਿਛਲੇ ਸਾਲ ਨਵੰਬਰ ‘ਚ ਕੀਤੀ ਦਰਾਮਦ ਡਿਊਟੀ ‘ਚ ਕਟੌਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾ ਉਸ ਸਮੇਂ ਸਾਰੇ ਸੂਬਿਆਂ ਨੂੰ ਵੈਟ ਘਟਾਉਣ ਦੀ ਅਪੀਲ ਕੀਤੀ ਸੀ । ਕੁਝ ਰਾਜਾਂ ਨੇ ਆਪਣੇ ਤੌਰ ‘ਤੇ ਟੈਕਸ ਘਟਾਏ ਹਨ, ਪਰ ਕੁਝ ਰਾਜਾਂ ਨੇ ਆਪਣੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ।

Total Views: 319 ,
Real Estate