ਸਿਆਸੀ ਆਗੂਆਂ ਨੇ ‘ਆਪ’ ‘ਤੇ ਸਿਆਸੀ ਬਦਲਾਖੋਰੀ ਦੇ ਲਗਾਏ ਇਲਜ਼ਾਮ

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਖਿਲਾਫ਼ ਭੜਕਾਊ ਬਿਆਨ ਦੇਣ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ। ਬੁੱਧਵਾਰ ਸਵੇਰੇ ਪੰਜਾਬ ਪੁਲਿਸ ਉਨ੍ਹਾਂ ਦੇ ਘਰ ਵੀ ਪਹੁੰਚੀ, ਜਿਸ ਸਬੰਧੀ ਕੁਮਾਰ ਵਿਸ਼ਵਾਸ ਨੇ ਆਪ ਆਪਣੇ ਟਵਿੱਟਰ ਹੈਂਡਲ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਜਾਣਕਾਰੀ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ‘ਆਪ’ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਨਾਂਅ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਆਪਣੇ ਟਵੀਟ ਵਿੱਚ ਵਿਸ਼ਵਾਸ ਨੇ ਲਿਖਿਆ, “ਸਵੇਰੇ-ਸਵੇਰੇ ਪੰਜਾਬ ਪੁਲਿਸ ਦਰਵਾਜ਼ੇ ‘ਤੇ ਪਧਾਰੀ ਹੈ। ਇੱਕ ਸਮੇਂ, ਮੇਰੇ ਦੁਆਰਾ ਹੀ ਪਾਰਟੀ ‘ਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਚੇਤਾਵਨੀ ਦੇ ਰਿਹਾ ਹਾਂ ਤੁਸੀਂ, ਦਿੱਲੀ ‘ਚ ਬੈਠੇ ਜਿਸ ਆਦਮੀ ਨੂੰ, ਪੰਜਾਬ ਦੇ ਲੋਕਾਂ ਦੁਆਰਾ ਦਿੱਤੀ ਹੋਈ ਤਾਕਤ ਨਾਲ ਖੇਡਣ ਦੇ ਰਹੇ ਹੋ, ਉਹ ਇੱਕ ਤੁਹਾਨੂੰ ਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ। ਦੇਸ਼ ਮੇਰੀ ਚੇਤਾਵਨੀ ਨੂੰ ਯਾਦ ਰੱਖੇ।”
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਇਸ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ‘ਆਪ’ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਆਪਣੇ ਟਵੀਟ ‘ਚ ਉਨ੍ਹਾਂ ਲਿਖਿਆ, ”ਬਦਲਾਖੋਰੀ ਲਈ ਝੂਠੇ ਪਰਚੇ ਪਾਉਣ ਦੀਆਂ ਹਰਕਤਾਂ ਅਕਾਲੀ ਦਲ ਅਤੇ ਕਾਂਗਰਸ, ਦੋਵਾਂ ਦੀਆਂ ਸਰਕਾਰਾਂ ਨੇ ਕੀਤੀਆਂ ਤੇ ਪੰਜਾਬੀਆਂ ਨੇ ਦੋਵੇਂ ਪਾਰਟੀਆਂ ਨੂੰ ਨਕਾਰ ਦਿੱਤਾ।” ”ਬਦਲਾਅ ਦਾ ਵਾਅਦਾ ਕਰਕੇ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ‘ਆਪ’ (ਪੰਜਾਬ) ਵੀ ਅਜਿਹੇ ਘਟੀਆ ਹਥਕੰਡੇ ਅਪਣਾਵੇਗੀ, ਇਹ ਨਹੀਂ ਸੋਚਿਆ ਸੀ।” ”ਭਗਵੰਤ ਮਾਨ, ਕੀ ਇਹੀ ਤੁਹਾਡਾ ਇਨਕਲਾਬ ਹੈ।”
ਕਾਂਗਰਸ ਆਗੂ ਸੁਖਪਾਲ ਖਹਿਰਾ ਵੇ ਵੀ ਇੱਕ ਟਵੀਟ ਕਰਕੇ ਆਪਣਾ ਵਿਰੋਧ ਦਰਜ ਕੀਤਾ ਹੈ। ਖਹਿਰਾ ਨੇ ਆਪਣੇ ਟਵੀਟ ‘ਚ ਲਿਖਿਆ ਕਿ ”ਡਾਕਟਰ ਕੁਮਾਰ ਵਿਸ਼ਵਾਸ ਦੁਆਰਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬਿਆਨ ਦੇਣ ਲਈ, ਵਿਸ਼ਵਾਸ ਖ਼ਿਲਾਫ਼ ਹੋਈ ਸਿਆਸੀ ਬਦਲਾਖੋਰੀ ਦੀ ਇਸ ਕਾਰਵਾਈ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।” ਉਨ੍ਹਾਂ ਅੱਗੇ ਲਿਖਿਆ, ”ਆਮ ਆਦਮੀ ਪਾਰਟੀ ਤੇ ਰਿਵਾਇਤੀ ਪਾਰਟੀਆਂ ‘ਚ ਕੀ ਫ਼ਰਕ ਹੈ?” ਉਨ੍ਹਾਂ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਲਿਖਿਆ ਕਿ ”ਪੰਜਾਬ ਪੁਲਿਸ ਦਾ ਇਸਲਤੇਮਾਲ ਸਿਆਸੀ ਮਸਲੇ ਸੈੱਟ ਕਰਨ ਲਈ ਨਾ ਕਰਨ।”

Total Views: 377 ,
Real Estate