ਇਹ ਕਵਿਤਾ ਨਹੀਂ – ਗੁਰਮੇਲ ਸਰਾ

ਇਹ ਕਵਿਤਾ ਨਹੀਂ 

(12 ਅਗਸਤ 1992)

   

   ਹਰਭਜਨ ਹਲਵਾਰਵੀ
ਹਰਭਜਨ ਹਲਵਾਰਵੀ ਨੂੰ ਮੈਂ ਜਿਉਂਦੇ ਨੂੰ ਬਹੁਤ ਦੁੱਖ ਦਿੱਤੇ; ਮਰ ਕੇ ਉਸ ਨੇ ਮੈਂਨੂੰ ਬਹੁਤ।ਕਦੇ ਮੈਂ ਉਸ ਨਾਲ ਲੜ ਪੈਂਦਾ ਸਾਂ, ਕਦੇ ਅਸੀਂ ਵਿਰ ਜਾਂਦੇ ਸਾਂ।ਮੈਂ ਉਨ੍ਹਾਂ ਦਿਨਾਂ ਵਿਚ, ਅਸਲ ਵਿਚ ਦੋ ਕਿਤਾਬਾਂ ਵਿਚੋਂ ਇਕ ਲਿਖਣ ਦੀ ਸੋਚ ਰਿਹਾ ਸਾਂ: ‘ਮੇਰੀ ਆਖਰੀ ਕਿਤਾਬ’ ਅਤੇ ‘ਰੱਬ ਦਾ ਜਨਮ’। ਮੇਰੀ ਇਹ ਕਿਤਾਬ, ‘ਇਹ ਕਵਿਤਾ ਨਹੀਂ’, ਅਜੇ ਤੱਕ ਦੀ ਮੇਰੀ ‘ਆਖਰੀ’ ਕਿਤਾਬ ਹੈ। ਹਲਵਾਰਵੀ ਨੇ ਇਸ ਦਾ ਮੁੱਖਬੰਦ ਲਿਖਿਆ- ਪੇਸ਼ ਹੈ।
“ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਲੇਖਕ ਗੁਰਮੇਲ ਸਿੰਘ ਸਰਾ ਆਪਣੀਆਂ ਕਵਿਤਾਵਾਂ ਵਾਂਗ ਹੀ ਵਿਲੱਖਣ ਆਦਮੀ ਹੈ। ਉਸ ਦੀ ਕਾਵਿ-ਸ਼ੈਲੀ ਵੀ ਸਥਾਪਿਤ ਰਵਾਇਤਾਂ ਤੇ ਮਿਆਰਾਂ ਨੂੰ ਉਲੰਘ ਨਵੇਂ ਪੂਰਨੇ ਪਾਉਣ ਲਈ ਯਤਨਸ਼ੀਲ ਹੈ।ਉਹ ਆਮ ਜੀਵਨ ਵਿੱਚ ਸਧਾਰਨ ਵਾਂਗ ਵਿਚਰਦਾ ਹੋਇਆ ਵੀ ਆਪਣੀ ਰਫਤਾਰ ਤੇ ਗੁਫਤਾਰ ਵਿੱਚ ਕੁੱਝ ਨਿਵੇਕਲਾ ਹੀ ਲਗਦਾ ਹੈ ਤੇ ਅਜੀਬ ਵੀ। ਉਸ ਦੀ ਚਾਲ-ਢਾਲ ਤੇ ਗੱਲ ਕਰਨ ਦਾ ਅੰਦਾਜ਼ ਸਾਡੇ ਜਾਣੇ-ਪਛਾਣੇ ਚੌਖਟੇ ਤੋਂ ਅਲੱਗ ਤੇ ਕੁਝ ਓਪਰੇ ਜਿਹੇ ਲਗਦੇ ਹਨ। ਇਹੋ ਗੱਲ ਉਸ ਦੀਆਂ ਕਵਿਤਾਵਾਂ ਬਾਰੇ ਮਹਿਸੂਸ ਹੁੰਦੀ ਹੈ।
“ਰਚਨਾਕਾਰ ਦੀ ਨਿਵੇਕਲੀ ਪਛਾਣ ਉਸ ਦੀ ਲੇਖਨ-ਸ਼ੈਲੀ ਦੁਆਰਾ ਹੁੰਦੀ ਹੈ।ਸ਼ਬਦ ਉਹੋ ਹੀ ਹੁੰਦੇ ਨੇ, ਆਮ ਬੋਲਚਾਲ ਅਤੇ ਲਿਖਤ ਵਾਲੇ। ਪਰ ਕਵੀ ਜਦੋਂ ਉਨ੍ਹਾਂ ਨੂੰ ਆਪਣੇ ਮੌਲਿਕ ਅੰਦਾਜ਼ ਵਿਚ ਗੁੰਦ ਕੇ ਆਪਣੀਆਂ ਭਾਵਨਾਵਾਂ ਨੂੰ ਪਾਠਕ/ਸਰੋਤੇ ਲਈ ਪੇਸ਼ ਕਰਦਾ ਹੈ ਤਾਂ ਉਹ ਉਸ ਦੀ ਪਛਾਣ ਬਣ ਜਾਂਦੇ ਨੇ ਤੇ ਹੋਰ ਅੱਗੇ ਜਾ ਕੇ ਸਾਹਿਤਕ ਸਿਰਨਾਵਾਂ ਵੀ।ਗੁਰਮੇਲ ਸਰਾ ਦੀਆਂ ਇਹ ਕਵਿਤਾਵਾਂ ਉਸ ਦੀ ਵੱਖਰੀ ਪਛਾਣ ਤੇ ਵੱਖਰਾ ਸਾਹਿਤਕ ਸਿਰਨਾਵਾਂ ਉਲੀਕਣ ਲਈ ਯਤਨਸ਼ੀਲ ਹੋਣ ਕਰ ਕੇ ਸਵਾਗਤ ਦੀਆਂ ਹੱਕਦਾਰ ਨੇ।ਪ੍ਰਚਲਤ ਕਾਵਿ-ਮੁਹਾਵਰੇ ਦੇ ਅਭਿਲਾਸ਼ੀ ਪਾਠਕਾਂ (ਤੇ ਕਵੀਆਂ) ਨੂੰ ਇਹ ਕਵਿਤਾਵਾਂ ਅਜੀਬੋ-ਗਰੀਬ ਸ਼ਾਬਦਿਕ ਕਲਾਬਾਜ਼ੀ ਜਾਪਣਗੀਆਂ। ਪਰ ਉਸ ਦੀਆਂ ਭਾਵਨਾਵਾਂ ਦੀ ਸ਼ਿੱਦਤ ਹੈ ਅਤੇ ਪ੍ਰਚਲਿਤ ਵਿਵਸਥਾ ਦੇ ਮਨੁੱਖ-ਵਿਰੋਧੀ ਰੁਝਾਨਾਂ ਪ੍ਰਤੀ ਗੁੱਸਾ ਤੇ ਤਲਖ਼ੀ ਵੀ। ਕਹਿਣ ਦਾ ਅੰਦਾਜ਼ ਉਸ ਦਾ ਆਪਣਾ ਹੈ, ਬਿਲਕੁਲ ਨਵਾਂ ਮੁਹਾਵਰਾ ਜੋ ਕੁੱਝ ਖਰ੍ਵਾ ਵੀ ਹੈ।
“ਗੁਰਮੇਲ ਨੇ ਆਪਣੀਆਂ ਕਵਿਤਾਵਾਂ ਵਿੱਚ ਕੁੱਝ ਅਜਿਹੇ ਲਫਜ਼ ਵੀ ਵਰਤੇ ਨੇ ਜਿਹੜੇ ਸਿਰਫ ਗਾਲ੍ਹਾਂ ਦਾ ਹਿੱਸਾ ਬਣ ਸਕਦੇ ਹਨ।ਜੇ ਉਹ ਕਵਿਤਾ ਵਿੱਚ ਲਿਆਂਦੇ ਗਏ ਤਾਂ ਜ਼ਾਹਰ ਹੈ ਕਿ ਗੁਰਮੇਲ ਕੋਲ ਆਪਣੀ ਤਲਖ਼ੀ ਤੇ ਗੁੱਸੇ ਦੇ ਪ੍ਰਗਟਾਵੇ ਲਈ ਇਸ ਤੋਂ ਵੱਧ ਢੁਕਵੇਂ ਲਫਜ਼ ਹੋਰ ਨਹੀਂ ਸਨ।ਇਉਂ ਵੀ ਜਾਪਦਾ ਹੈ ਕਿ ਉਹ ਜਾਣ ਬੁੱਝ ਕੇ ਖਰ੍ਹਵੇ ਲਫਜ਼ਾਂ ਦੀ ਵਰਤੋਂ ਕਰਦਾ ਹੈ, ਪਾਠਕ ਨੂੰ ਨਵੇਂ ਕਾਵਿ ਮੁਹਾਵਰੇ ਦੀ ਆਦਤ ਪਾਉਣ ਲਈ। ਆਪਣੇ ਇਸ ਯਤਨ ਵਿੱਚ ਕਿੱਥੋਂ ਤੱਕ ਸਫਲ ਹੈ, ਇਸ ਦਾ ਫੈਸਲਾ ਵੱਖ-ਵੱਖ ਕਾਵਿ-ਪ੍ਰੇਮੀਆਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਕੀਤਾ ਜਾਏਗਾ। ਉਸ ਦੀ ਪਹਿਲੀ ਕਵਿਤਾ ਹੈ ‘ਧੰਨੇ ਦਾ ਆਰਤਾ’। ਮੇਰੀ ਰਾਇ ਉਸ ਦੀਆਂ ਬਾਕੀ ਕਵਿਤਾਵਾਂ ਵੀ ਇਸੇ ਵਰਗੀਆਂ ਹਨ।“
***
ਧੰਨੇ ਦਾ ਆਰਤਾ

ਇਹ ਮੇਰੀ ਪੋਥੀ ਹੈ,
ਇਹਦਾ ਸੁਭਾਗ ਹੈ ਕਿ
ਏਕੰ ਓਂਕਾਰ ਗੁਰ ਪ੍ਰਸਾਦਿ
ਦੇ ਨਾਲ ਆਰੰਭ ਹੁੰਦੀ ਹੈ।
ਇਹ ਧੰਨੇ ਦਾ
ਆਰਤਾ ਹੈ।

16
ਬੇਹੇ ਬਿੰਬ
***
ਕੋਈ ਦੰਗਾ ਕਰੋ
ਕੋਈ ਦੰਗਲ ਕਰੋ
ਸੱਪਾਂ ਦੀਆਂ ਸਿਰੀਆਂ ਦਾ ਸਤ ਪੀਣ ਨੂੰ ਦਿਲ ਕਰਦਾ ਹੈ।
ਦੰਗਾ, ਕਰੋ, ਦੰਗਲ ਕਰੋ
ਕਵਿਤਾ ਦੀ ਭਾਖੜਾ
ਸਭ ਕੁੱਝ ਸਾਫ ਕਰ ਦੇਊ।
ਕਰੋ ਦੰਗਾ, ਕਰੋ ਦੰਗਲ
ਕਵਿਤਾ ਦੇ ਅਖਾੜੇ ਵਿਚ
ਹੁਣ ਬਹੁਤ ਹੀ ਧੂੜ ਉੱਡੇਗੀ।
ਕਵਿਤਾ ਦੀ ‘ਆਪਣੀ ਮੰਡੀ’ ‘ਚੋਂ
ਬੇਹੇ ਬਿੰਬਾਂ ਦੀਆਂ ਬੋਰੀ
ਚੁੱਕ ਲੈ ਜਾਉ॥
17
ਮੈਂ ਸੁਕਰਾਤ ਨਹੀਂ
***
ਮੈਂ ਸੁਕਰਾਤ ਨਹੀਂ
ਕਿ ਇਕੋ ਪਿਆਲੇ ‘ਚ ਮਰ ਜਾਵਾਂਗਾ
ਜ਼ਹਿਰ ਦਾ ਸਾਰਾ ਸਮੁੰਦਰ
ਬੇਕਾਰ ਕਰ ਜਾਵਾਂਗਾ
ਬੇਕਦਰੀ ਜਿਹੀ ਪੋਥੀ ਦੇ
ਹਰ ਹਰਫ ਦਾ
ਸੀਸ ਤਲ਼ੀ ‘ਤੇ ਧਰ ਜਾਵਾਂਗਾ॥
18
ਮੁਆਫੀਨਾਮਾ?
….
ਗੱਲ ਮੁਕਦੀ ਹੈ ਤਾਂ ਮੁਕਾ ਦਿਉ,
ਪਰ ਅਨਿਆਂ ਨਾ ਕਰੋ,
ਸਾਲਸ ਬਣਨ ਤੋਂ ਪਹਿਲਾਂ
ਤੈਅ ਕਰ ਲਉ ਕਿ
ਜ਼ਫਰਨਾਮਾ ਕਿਉਂ ਲਿਖਿਆ ਗਿਆ?
ਤੇ ਮੁਆਫੀਨਾਮਾ ਕਿਸ ਨੇ ਲਿਖਣਾ ਹੈ?
ਗੱਲ ਮੁਕਦੀ ਹੈ ਤਾਂ ਮੁਕਾ ਦਿਉ,
ਪਰ ਅਨਰਥ ਨਾ ਕਰੋ॥
19
ਅੜ ਜਾਵਾਂਗਾ
….
ਮੈਂ ਘੁਮਿਆਰ ਦਾ ਟੱਟੂ ਹਾਂ
ਮੈਂਨੂੰ ਲੱਦ ਦਿਉ,
ਜਿੰਨਾ ਵੀ ਚਾਹੇ ਲੱਦ ਦਿਉ,
ਪਰ ਮਾਰੋ ਨਾ!
ਚਾਰੇ ਟੰਗਾਂ ਗੱਡ ਲਵਾਂਗਾ,
ਅੜ ਜਾਵਾਂਗਾ,
ਵਾਹ ਲੱਗੀ ਤਾਂ ਦੋ-ਚਹੁੰ
ਟੀਟਣੇ ਜੜ ਜਾਵਾਂਗਾ।
ਮੈਂ ਘੁਮਿਆਰ ਦਾ ਟੱਟੂ ਹਾਂ॥
20
ਸੁਫਨਾ ਜਾਂ ਕੁਕਨੂਸ
….
ਇੱਕ ਜ਼ਮਮੀ ਪਰਿੰਦਾ,
ਖਿੱਲਰੇ ਹੋਏ ਖੰਭ
ਤੇ ਕੁੱਝ ਖ਼ੂਨ ਦੇ ਛਿੱਟੇ।
ਫਿਲਹਾਲ਼ ਤਾਂ ਹਰ ਸੁਫਨੇ ਦਾ
ਇਹੀ ਹਸ਼ਰ ਹੁੰਦਾ ਹੈ।
ਹਰ ਸੁਬ੍ਹਾ
ਇੱਕ ਆਸ ਉਡਾਰੀ ਭਰਦੀ ਹੈ
ਹਰ ਸ਼ਾਮ ਹੜ੍ਹਾਂ ਨੂੰ ਜਰਦੀ ਹੈ।
ਅਸਾਂ ਹਰ ਸੁਫਨਾ
ਕੁਕਨੂਸ ਦੀ ਜੂਨੈ ਪਾ ਛੱਡਿਐ॥
21
ਆਤੰਕ
….
ਪੰਜਾਂ ਤੱਤਾਂ ਦਾ ਇਹ ਮੇਲ*,
ਬਚਿਆ ਰਹੇਗਾ ਕਦ ਤੱਕ
ਦਫਾ ਚੁਤਾਲੀ ਤੋਂ?
ਪਾਬੰਦੀ ਦੀ ਉਡੀਕ ਵਿਚ
ਸਿਰ ਦੇ ਅੰਦਰ
ਅਦਿੱਖ ਗਰਾਰੀਆਂ ਦੀ
ਚਰਰ ਚਰਰ ਜਾਰੀ ਹੈ!
*ਗੁਰਮੇਲ-ਬਖ਼ਸ਼ਿੰਦਰ ਦੇ ਕਹਿਣ ਮੁਤਾਬਕ
22
ਮੋਮ ਦਾ ਲੇਪ
….
ਆਸ ਦੀ ਹਰ ਕੋਮਲ ਤੰਦ ‘ਤੇ
ਅਸਾਂ ਮੋਮ ਦਾ ਲੇਪ ਲਗਾ ਦਿੱਤਾ॥
23
ਅੱਜ ਦੀ ਰਾਤ
….
ਅੱਜ ਦੀ ਰਾਤ
ਅਸੀਂ ਇਕਲਾਪੇ ਦੀ,
ਸੰਗਤ ਵਿਚ ਸੌਂਵਾਂਗੇ।
ਅੱਜ ਦੀ ਰਾਤ
ਅਸੀਂ ਇਕਲਾਪੇ ਸੰਗ
ਭੋਗ ਕਰਾਂਗੇ।
ਅੱਜ ਦੀ ਰਾਤ
ਅਸੀਂ ਇਕੱਲਿਆਂ ਹੀ ਰੋਵਾਂਗੇ।
ਅੱਜ ਦੀ ਰਾਤ ਅਸੀਂ
ਕਤਲ਼ ਦਾ ਇਰਾਦਾ ਰਖਦੇ ਹਾਂ
ਅੱਜ ਦੀ ਰਾਤ ਅਸੀਂ
ਆਪਣੀ ਹੀ ਗ੍ਰਿਫਤਾਰੀ ਦਾ
ਵਾਰੰਟ ਮੰਗਦੇ ਹਾਂ॥
24
ਮੈਂ ਤੇ ਮੈਂ
….
ਹਰ ਰੋਂਦੇ ਦੀ ਅੱਖ ਮੇਰੀ ਹੈ
ਹਰ ਭੁੱਖੇ ਦੇ ਭੁੱਖ ਮੇਰੀ ਹੈ
ਹਰ ਦੁਖੀਏ ਦਾ ਦੁੱਖ ਮੇਰਾ ਹੈ
ਹਰ ਬੋਹੜ ਦਾ ਰੁੱਖ ਮੇਰਾ ਹੈ।
ਹਰ ਕੁੱਟੇ ਹੋਏ ਦੀ ਟੰਗ ਮੇਰੀ ਹੈ
ਹਰ ਖਾੜਕੂ ਦੀ ਮੰਗ ਮੇਰੀ ਹੈ।
ਹਰ ਅਣਖ਼ੀ ਦਾ ਸਿਰ ਮੇਰਾ ਹੈ
ਹਰ ਭੈਣ ਦੀ ਭਰਾ ਦਾ ਫਿਕਰ ਮੇਰਾ ਹੈ।
ਹਰ ਕੀੜੇ ਦਾ ਕਾਤਲ ਮੈਂ ਹਾਂ
ਹਰ ਗੁੱਸੇ-ਖ਼ੋਰ ਦਾ ਛਿੱਤਰ ਮੈਂ ਹਾਂ॥
25
ਕਿਹੜਾ ਯਾਰ?

ਮੈਂ ਚਰਨਾਂ ਦੀ ਧੂੜ
ਮੇਰੇ ਯਾਰ ਦੀ।
“ਕੌਣ ਹੈ ਮੇਰਾ ਯਾਰ?”
ਰੂਹ ਪੁਕਾਰਦੀ॥
26
ਇਹ ਕਵਿਤਾ ਨਹੀਂ
….
ਹਜ਼ੂਰ, ਇਹ ਕਵਿਤਾ ਨਹੀਂ,
ਦੁੱਖਾਂ ਦੇ ਪਹਾੜਾਂ ਤੋਂ
ਬਰਫ ਪਿਘਲੀ ਹੈ।
ਇਹ ਕਵਿਤਾ ਨਹੀਂ
ਸਬਰ ਦੇ ਸਮੁੰਦਰ ਦਾ
ਜਵਾਰਭਾਟਾ ਹੈ।
ਹੀਰ ਦੀ ਲਾਸ਼ ਹੈ ਇਹ।
ਹੰਝੂਆਂ ਦੀ ਪਗਡੰਡੀ ‘ਤੇ
ਲੰਘਿਆ ਕੋਈ ਰਾਹੀ ਹੈ-
ਜਾਂ ਫੇਰ-
ਤੇਈ ਮਾਰਚ ਨੂੰ ਕਤਲ ਹੋਇਆਂ ਦਾ
ਦਸਵਾਂ ਹੈ, ਦੁਸਹਿਰਾ ਹੈ।
ਹਜ਼ੂਰ! ਇਹ ਕਵਿਤਾ ਨਹੀਂ,
ਇਹ ਮੇਰੀ ਸਾਰੀ ਦੀ ਸਾਰੀ
ਪੈਂਤੀ ਅੱਖਰੀ ਹੈ।
27

ਸਿਰੋਪਾ

….
ਇਹ ਸਾਰੀ ਮੁੱਲਾ ਦੇ
ਦੰਭ ਦੀ ਛਤਰੀ ਹੀ ਸੀ
ਹਰਾਮ ਦੀ ਕਮਾਈ ‘ਤ ਪਾਈ
ਧਰਮ ਦੀ ਚਾਦਰ ਹੀ ਸੀ।
ਮੱਕੇ-ਮਦੀਨੇ ਦੇ ਇਮਾਮਾਂ ਦੇ
ਮਨਾਂ ਵਿਚ ਤਾਂ ਕੋਈ ਖੋਟ ਨਹੀਂ ਹੈ।
ਜੇ ਇੰਝ ਨਾ ਹੁੰਦਾ
ਤਾਂ ਮੱਕੇ ‘ਚ ਕਾਫਿਰ ਨੂੰ
ਜੀ ਆਇਆਂ ਕਿਸ ਨੇ ਕਹਿਣਾ ਸੀ?
ਜੇ ਇੰਝ ਨਾ ਹੁੰਦਾ
ਤਾਂ ਮੱਕੇ-ਮਦੀਨੇ ਪਹੁੰਚੀ ਵੇਸਵਾ ਨੂੰ
ਸਿਰੋਪਾ ਕਿਸ ਨੇ ਦੇਣਾ ਸੀ?
28
ਚੰਡੀਗੜ੍ਹ

ਇਹ ਸ਼ਹਿਰ ਹੈ ਜਾਂ
ਬਘਿਆੜਾਂ ਦੀਆਂ ਵਰਦੀਆਂ ਦਾ
ਕਾਰਖਾਨਾ?
ਸ਼ਹਿਰ ਹੈ ਜਾਂ
ਸੋਨੇ ਦੇ ਦੰਦਾਂ ਵਾਲੇ
ਰੰਗੇ ਗਿੱਦੜਾਂ ਦੀ ਕਰਮ ਭੂਮੀ।
ਵੇਸਵਾਵਾਂ ਦੀ ਸਹਿਕਾਰੀ ਸਭਾ ਹੋ
ਜੋ ਸਨਮਾਨਾਂ ਦਾ ਹਰ ਰੋਜ਼
ਡਿਵੀਡੈਂਡ ਵੰਡਦੀ ਹੈ!
29
ਇਹ ਵੀ ਕਵਿਤਾ ਨਹੀਂ

ਇਸ ਨੂੰ ਵੀ ਕਵਿਤਾ ਨਾ ਕਹੋ,
ਇਹ ਮੇਰੇ ਯਾਰਾਂ ਦੀ
ਫਹਿਰਿਸ਼ਤ ਦਾ
ਸੋਧਿਆ ਹੋਇਆ,
ਨਵਾਂ ਐਡੀਸ਼ਨ ਹੈ।
ਮਿਰਜ਼ਾ
ਕਤਲ਼ ਹੁੰਦਾ-ਹੁੰਦਾ ਬਚਿਆ ਹੈ
ਖ਼ਬਰ ਹੈ-
ਇਸ ਨੂੰ ਕਵਿਤਾ ਨਾ ਕਹੋ,
ਇਹ ਲੰਢੇ ਢੱਠੇ ਦੇ ਸਾਲ਼ਿਆਂ
ਕਬਰ ਹੈ।
ਇਸ ਨੂੰ ਵੀ ਕਵਿਤਾ ਨਾ ਕਹੋ॥
31
ਕਵਿਤਾ ਦੇ ਦਿਨ
….
ਕਵਿਤਾ ਦੇ ਦਿਨਾਂ ‘ਚ
ਮਹਿੰਦੀ ਕਿਸੇ ਵੀ ਭਾਅ ਮਿਲੇ-
ਲੈ ਆਉ!
ਕਵਿਤਾ ਦੇ ਦਿਨਾਂ ‘ਚ
ਚੀਨਨ* ਦੇ ਘੋੜੇ ਨੂੰ ਲਗ਼ਾਮ ਪੈਂਦੀ ਹੈ,
ਜਾ ਪਾਉ!
ਕਵਿਤਾ ਦੇ ਦਿਨਾਂ ‘ਚ
ਖੰਡਰਾਂ ਦੇ ਅੰਦਰ ਜੋ ਚਿਰਾਗ ਬਲਿਆ ਹੈ,
ਉਸ ਨੂੰ ਬਚਾਉ!
ਕਵਿਤਾ ਦੇ ਦਿਨਾਂ ਵਿਚ
ਖ਼ਿਆਲਾਂ ਦੀ ਜੰਗਬੰਦੀ ਲਈ
ਮਹੌਲ ਢੁਕਵਾਂ ਨਹੀਂ,
ਠਹਿਰ ਜਾਉ!
*ਏ.ਕੇ. ਫੋਰਟੀ ਸੈਵਨ।
32
ਸੂਰ ਦੀ ਅਭਿਲਾਸ਼ਾ
….
ਚਲ ਮਨਾਂ, ਇਹ ਚੋਲਾ ਵੀ ਛੱਡ ਦੇਈਏ,
ਇਹ ਚਰਾਗਾਹ ਵੀ।
ਇਹ ਹਰਿਆਲੀ ਜਾਅਲੀ ਹੈ,
ਕੋਈ ਐਸਟਰੋਟਰਫ ਹੈ ਜਿੱਥੇ ਮੌਤ ਨੇ
ਮੈਦਾਨ ਮੱਲਿਆ ਹੈ।
ਦਰਿਆਈ ਘੋੜਿਆਂ ਦੀ ਦੁਨੀਆ ‘ਚ
ਨਾਲ਼ੀ ਦਾ ਸੂਰ ਤੂੰ ਹੀ ਇਕ ਹੈਂ,
ਮੇਰੇ ਮਨ!
ਨਾਲ਼ੀ ਦੇ ਸੂਰ ਦੀ ਖੁਸ਼ੀ
ਉਨ੍ਹਾਂ ਨੂੰ ਪਚਦੀ ਨਹੀਂ, ਪਰ
ਤੂੰ ਨਾਲ਼ੀ ਨੂੰ ਛੱਡ ਕੇ ਦਰਿਆ ‘ਚ ਨਾ ਜਾ।
ਚੱਲ ਮਨਾਂ,
ਇਹ ਚੋਲਾ ਵੀ ਛੱਡ ਦੇਈਏ,
ਇਹ ਚਰਾਗਾਹ ਵੀ॥
33
ਦਵੰਦ ਤੋਂ ਬਾਅਦ
….
ਨਿਊਜ਼ ਐਡੀਟਰ ਨੂੰ ਬਰਤਨਾਂ ਦਾ ਸੈੱਟ* ਦੇ ਕੇ
ਛਪਵਾਈ ਗਈ ਖ਼ਬਰ ਨਹੀਂ ਹਾਂ ਮੈਂ।
ਨਾ ਹੀ ਕਿਸੇ ਮਨਘੜਤ ਯੋਗਦਾਨ ਲਈ ਦਿੱਤੇ
ਸਨਮਾਨ ਦਾ ਨਾਪਾਕ ਮਕਸਦ।
ਮੈਂ ਕੂਕਰਾਂ ਦੀ ਘੜਮੱਸ ਦਾ ਹਿੱਸਾ ਵੀ ਨਹੀਂ।
ਦੇਰ ਤੱਕ ਸਾਜ਼ਿਸ਼ਾਂ ਤੇ ਮਜ਼ਬੂਰੀਆਂ ‘ਚ ਬੱਧਾ ਰਿਹਾ
ਮੱਲ ਹਾਂ ਮੈਂ।
ਤੇ ਹੁਣ ਸੁਤੰਤਰ ਹੋਣ ਪਿੱਛੋਂ
ਅਖਾੜੇ ‘ਤੇ ਕਬਜ਼ੇ ਦਾ ਐਲਾਨ ਕਰਦਾ ਹਾਂ।
ਨਹੀਂ ਪੀਣ ਦਿਆਂਗਾ ਮੈਂ ਹੁਣ
ਕਲ਼ਮਾਂ ਨੂੰ ਲਹੂ ਤੇ ਤਲਵਾਰਾਂ ਨੂੰ ਸਿਆਹੀ!
ਮਾਂ ਦੇ ਦੋਵੇਂ ਪਾਸਿਆਂ ਦਾ ਜਿਸ ਨੇ ਦੁੱਧ ਪੀਤਾ ਹੈ,
ਉਹ ਮਾਈ ਦਾ ਲਾਲ ਅੱਗੇ ਆਵੇ:
ਸਰਹੱਦ ਦੇ ਉਰਲੇ ਪਾਸੇ ਤੱਕ
ਆਪੇ ਬਣੇ ਰੈਫਰੀਆਂ ਤੇ ਭਲਵਾਨਾਂ ਨੂੰ
ਮੈਂ ਦਵੰਦ-ਯੁੱਧ ਦੀ ਵੰਗਾਰ ਦਿੰਦਾ ਹਾਂ,
ਹਰਨ ਜਾਂ ਮਰਨ ਤੱਕ ਦੀ ਵੰਗਾਰ॥
*ਪੰਜਾਬੀ ਟ੍ਰਿਬਿਊਨ ਦਾ ਇਕ ਸਾਬਕਾ ਨਿਊਜ਼ ਐਡੀਟਰ।
34
ਬੇਚੈਨੀ
….
ਮੇਰੇ ਖ਼ਿਆਲਾਂ ਦੀ ਕੁੰਜੀ ਦੇ ਚੋਰ,
ਖੁਰਾ ਠੱਪ ਲਿਆ ਹੈ ਮੈਂ,
ਖੋਜੀ ਕੁੱਤਿਆਂ ਦੀ ਤਰ੍ਹਾਂ
ਬੇਚੈਨ ਫਿਰਾਂਗਾ ਹੁਣ।
ਕੰਵਲ ਦੇ ਇਸ ਬੇਕਿਰਕ ਜਿਹੇ ਫੁੱਲ ਨੂੰ,
ਮੁੱਠੀ ‘ਚ ਮਸਲ ਕੇ
ਘੀਸੀ ਕਰਾਂਗਾ ਹੁਣ॥ (1986)
35
ਕਵਿਤਾ ਨੂੰ ਬੁਲਾਵਾ
….
ਕਵਿਤਾ ਆ ਕਿ ਆਪਾਂ ਸੈਰ ਨੂੰ ਜਾਈਏ
ਘੁਮਿਆਰਾਂ ਦੀ ਬਹੂ ਦੀ ਚੁੰਨੀ ਰੰਗੇ
ਸੂਰਜ ਦਾ ਸਵਾਗਤ ਕਰੀਏ।
ਫੁੱਲਾਂ ਤੋਂ ਤ੍ਰੇਲ ਲਾਹ ਕੇ
ਇਹ ਰੋਂਦੇ ਮੂੰਹ ਹੁਣ ਪੂੰਝ ਛੱਡੀਏ।
ਮਿਲੀਏ ਥਾਣੇ ਦੇ ਮੁਨਸ਼ੀ ਨੂੰ
ਅਦਾਲਤ ਦੇ ਅਹਿਲਮਦ ਨੂੰ
ਕਹੀਏ ਕਿ ਸਭ ਸ਼ਿਕਾਇਤਾਂ
ਵਾਪਸ ਲਈਆਂ ਸਮਝ ਕੇ ਦਾਖਲ-ਦਫਤਰ ਕਰ ਦਿਉ।
ਕਵਿਤਾ, ਆ ਕੇ ਜਾ ਕੇ ਦੇਖੀਏ
ਕੈਕਟਸ ਨੂੰ ਫੁੱਲ ਆਇਆ ਕਿ ਨਹੀਂ?
36
ਕਵਿਤਾ, ਨਾ ਆ
….
ਹੇ ਮੇਰੀ ਕਵਿਤਾ,
ਅਜੇ ਤੂੰ ਠਹਿਰ ਜਾ, ਨਾ ਆ।
ਤੂੰ ਕੀ ਪੁੱਛੇਂਗੀ, ਦੱਸੇਂਗੀ
ਮੈਂ ਹਾਂ ਜਾਣਦਾ।
ਅਜੇ ਤੂੰ ਠਹਿਰ ਜਾ
ਰਾਹੁਲ ਅਜੇ ਹੈ ਜਾਗਦਾ ਨਾ ਆ।
ਹੋਰ ਇੱਕਠਾ ਹੋਣ
ਲਾਵੇ ਦਾ ਮਲਵਾ, ਨਾ ਆ।
ਮੈਂ ਤਾਂ ਅਜੇ ਤੱਕ ਭਟਕਦਾ
ਸ਼ਬਦਾਂ ਨੂੰ ਭਾਲਦਾ।
ਕੀ ਮਿਲੇਗਾ ਕਰ ਕੇ
ਇਕਤਰਫਾ ਵਾਰਤਾ?
ਹੇ ਮੇਰੀ ਕਵਿਤਾ, ਤੂੰ ਨਾ ਆ॥
37
ਚਾਹੁੰਦਾ ਹਾਂ
….
ਮੈਂ ਰੱਜ-ਰੱਜ ਕਿ ਜਿਉੁਣਾ ਚਾਹੁੰਦਾ ਹਾਂ
ਜਿਉਂ-ਜਿਉਂ ਕੇ ਰੱਜਣਾ ਚਾਹੁੰਦਾ ਹਾਂ।
ਮੈਂ ਭੱਜ-ਭੱਜ ਕੇ ਥੱਕਣਾ ਚਾਹੁੰਦਾ ਹਾਂ,
ਥੱਕਿਆ ਵੀ ਭੱਜਣਾ ਚਾਹੁੰਦਾ ਹਾਂ।
ਮੈਂ ਸੁਫਨਿਆਂ ਲਈ ਲੜਨਾ ਚਾਹੁੰਦਾ ਹਾਂ
ਲੜਾਈ ਦੇ ਸੁਫਨੇ ਵੀ ਚਾਹੁੰਦਾ ਹਾਂ।
ਉਨੱਤੀ ਤਰੀਕ ਨੂੰ ਉਧਾਰ ਫੜ ਕੇ
ਚਿਬੜ੍ਹਾਂ ਦੀ ਪਸੇਰੀ ਚਾਹੁੰਦਾ ਹਾਂ।
ਤੌੜੇ ‘ਚ ਕਿੰਨਾ ਗੁੜ ਪੈਂਦੈ, ਚਿੱਠੀ ਲਿਖ ਕੇ
ਬਾਪੂ ਨੂੰ ਪੁੱਛਣਾ ਚਾਹੁੰਦਾ ਹਾਂ#।
ਮੈਂ ਲਾਹਣ ਦੀ ਮੱਟੀ ‘ਚ ਡੁੱਬਣਾ ਚਾਹੁੰਦਾ ਹਾਂ,
ਗਾਂ ਦੀ ਛੜ ਵਾਂਗੂ ਵੱਜਣਾ ਚਾਹੁੰਦਾ ਹਾਂ॥
# ਜਦੋਂ ਮੈਂ ਚੰਡੀਗੜ੍ਹ ਦੇ ਟੈਗੋਰ ਥੇਟਰ ਵਿਚ ਕਿਤਾਬ ਦੇ ਰਿਲੀਜ਼ ਹੋਣ ਵੇਲੇ ਇਹ ਕਵਿਤਾ ਪੜ੍ਹਦਿਆਂ ਇਹ ਸਤਰ ਬੋਲੀ ਤਾਂ ਸਰੋਤਿਆਂ ਵਿਚ ਬੈਠਾ ਮੇਰਾ 69 ਸਾਲ ਦਾ ਬਾਪੂ ਖੜ੍ਹਾ ਹੋ ਕੇ ਬੋਲਿਆ: “ਪੰਜ ਕਿੱਲੋ!”
38
ਤੜੱਕ
….
ਜਦੋਂ ਨਜ਼ਦੀਕ ਹੀ ਕਿਧਰੇ
ਕੁੱਝ ਤੜੱਕ ਹੁੰਦਾ ਹੈ।
ਅਤੀ ਪਿਆਰੇ ਮਿੱਤਰੀ ਦੀ
ਨੀਅਤ ‘ਤੇ ਸ਼ੱਕ ਹੁੰਦਾ ਹੈ।
39
ਜਦੋਂ ਟੁੱਟ ਗਈ
….
ਉਹ ਜੋ ਟੁੱਟ ਗਈ ਹੈ, ਦੋਸਤੀ ਸੀ
ਕਈ ਸਾਰੇ ਸਵਾਲ ਛੱਡ ਗਈ ਹੈ:
ਕੀ ਬਣੇਗਾ
ਸਹਿਮਤੀ ਦੇ ਮੁੱਦਿਆਂ ਦਾ,
ਸਾਂਝੇ ਦੁਸ਼ਮਣਾਂ ਦਾ
ਰਲ਼ ਕੇ ਬਣਾਏ ਦੋਸਤਾਂ ਦਾ?
ਮਿਥੀਆਂ ਮੰਜ਼ਿਲਆਂ ਨੂੰ ਜੇ ਭੁੱਲ ਵੀ ਜਾਈਏ,
ਕੀ ਬਣੇਗਾ ਅੱਧ-ਪਚੱਧ ਤੈਅ ਕੀਤੇ ਰਾਹਾਂ ਦਾ?
ਕੀ ਬਣੇਗਾ
ਬੋਤਲ ,ਚ ਬਚ ਰਹੇ ਪਊਏ ਦਾ?
ਉਹ ਜੋ ਤੜੱਕ ਕਰ ਗਈ,
ਦੋਸਤੀ ਸੀ, ਪੁੱਛੇਗੀ-
ਪਹਿਲਾਂ ਵੀ ਕਦੇ ਕਿਸੇ ਨੇ ਇੱਕੋ ਬੋਤਲ ‘ਚੋ
ਦੋਸਤੀ ਤੇ ਦੁਸ਼ਮਣੀ ਦਾ ਜਾਮ ਪੀਤਾ ਹੈ?
40
ਮੌਤ ਨਾਲ ਮਤਭੇਦ

ਮੌਤ ਨਾਲ ਮਤਭੇਦ ਹੈ ਤਾਂ ਬੱਸ ਇਹੀ ਹੈ
ਇਹ ਹਮੇਸ਼ਾ ਹੀ ਤੇ ਹਰ ਰੋਜ਼ ਹੀ,
ਕਿਸੇ ਸੌੜੀ ਜਿਹੀ ਸਵਾਰੀ ‘ਤ ਮਿਲੀ,
ਪਿੰਡ ਦੇ ਟੋਭੇ ‘ਚ ਮਿਲੀ,
ਜਾਂ ਖੜ੍ਹੇ ਖੂਹ ‘ਚ ਮਿਲੀ।
ਥੁੱਕ ਨਾਲ ਭਰੀ, ਡੁਬਦੀ ਹੋਈ
ਕਿਸ਼ਤੀ ‘ਚ ਮਿਲੀ।
ਕਦੇ ਇਹ ਖੁਸਰੀ ਜਿਹੀ
ਤਾੜੀ ਮਾਰ ਕੇ ਮਿਲੀ।
ਮੈਂ ਇਸ ਨੂੰ ਹਮੇਸ਼ਾ ਹੀ
ਖ਼ੂਨ ਦੇ ਦਰਿਆ ‘ਚ ਲੱਭਿਆ ਹੈ।
ਜਿੱਥੇ ਇਸ ਦੀ ਉਡੀਕ ਹੁੰਦੀ ਹੈ,
ਉਥੇ ਜ਼ਿੰਦਗੀ ਮਿਲਦੀ ਹੈ।
ਮੌਤ ਨਾਲ ਮਤਭੇਦ ਹੈ ਤਾਂ ਬੱਸ ਇਹੀ ਹੈ॥
41
ਆਲ੍ਹਣੇ ਵਿਚਲਾ ਮਨੀਪਲਾਂਟ
….
ਕੰਡਿਆਂ ਦੀ ਪਰਵਾਹ ਨਾ ਕੀਤੀ
ਦੁਨੀਆ ਭਰ ਦੇ ਤੀਲੇ ਚੁਗ ਲਏ
ਇਕ-ਇਕ ਕਰ ਕੇ, ਪਲਕਾਂ ਉਤੇ ਧਰ ਕੇ
ਆਲ੍ਹਣਾ ਇਕ ਬਣਾਇਆ,
ਆਲ੍ਹਣੇ ਦੇ ਵਿਚ ਸੁਫਨਾ ਇਕ ਸਜਾਇਆ।
ਸੁਫਨਾ ਮਨੀ ਪਲਾਂਟ ਜਿਹਾ ਨਾਜ਼ੁਕ
ਮੱਥੇ ‘ਚੋਂ ਉਸ ਨੂੰ ਰੌਸ਼ਨੀ ਦਿੱਤੀ
ਹੰਝੂਆਂ ਨਾਲ ਸਿੰਜਾਈ ਕੀਤੀ।
ਪਰ ਦੋਸਤੋ ਵਕਤ ਐਸਾ ਵੀ ਆਇਆ ਕਿ
ਅੱਖਾਂ ‘ਚੋਂ ਹੰਝੂ ਸੁੱਕ ਗਏ
ਭਰ ਜਵਾਨੀ ‘ਚ ਸੁਫਨਾ ਮਰ ਗਿਆ।
ਪਲਕਾਂ ਹਨ ਕਿ ਆਲ੍ਹਣਾ ਖਿੰਡਣ ਨਹੀਂ ਦਿੰਦੀਆਂ
ਤੇ ਮੈਂ ਹੰਝੂਆਂ ਦੇ ਮੁੜ ਪਰਤਣ ਦੀ ਉਡੀਕ ‘ਚ ਹਾਂ
ਹੰਝੂ ਜਦੋਂ ਵੀ ਪਰਤੇ
ਮੈਂ ਨਵਾਂ ਸੁਫਨਾ ਆਲ੍ਹਣੇ ਪਾਵਾਂਗਾ।
ਮੈਂ ਸੁਫਨੇ ਲੈਣ ਤੋਂ ਬਾਜ਼ ਨਹੀਂ ਆਵਾਂਗਾ॥ (1986)

Total Views: 128 ,
Real Estate