
ਅਮਨਜੀਤ ਕੌਰ ਸ਼ਰਮਾ
ਸ਼ਾਮ ਪਈ ਤੇ ਆਲ੍ਹਣਿਆਂ ਨੂੰ,
ਪਰਤਣ ਜਦੋਂ ਪਰਿੰਦੇ।
ਹਉਕਾ ਭਰ ਕੇ ਬਹਿ ਜਾਂਦੇ,
ਪਰਦੇਸੀਂ ਰਹਿੰਦੇ ਲੋਕ।
ਆਪਣਾ ਘਰ ਤਾਂ ਆਪਣਾ ਈ ਹੁੰਦਾ
ਖਿੱਚਾਂ ਦਿਲ ਨੂੰ ਪਾਉਂਦਾ
ਵਿੱਚ ਉਦਾਸੀ ਘਰ ਦੀਆਂ
ਗੱਲਾਂ ਕਰਦੇ ਰਹਿੰਦੇ ਲੋਕ।
ਯਾਦਾਂ ਵਾਲ਼ੀ ਪੋਟਲੀ ਜਦ ਵੀ
ਵਕਤ ਮਿਲੇ, ਖੁੱਲ੍ਹ ਜਾਵੇ
ਪਿੱਛੇ ਰਹਿ ਗਈ ਰੂਹ ਦੀਆਂ
ਬਾਤਾਂ ਪਾਉਂਦੇ ਰਹਿੰਦੇ ਲੋਕ।
ਘਰ ਦਾ ਮੋਹ ਨਾ ਛੁੱਟਦਾ ਓਥੇ
ਸੁਪਨਿਆਂ ਵਿੱਚ ਵੀ ਘੁੰਮਦੇ
ਓਪਰੀ ਥਾਵੇਂ ਆ ਸਿਰਨਾਵਾਂ
ਘਰ ਦਾ ਲੱਭਦੇ ਰਹਿੰਦੇ ਲੋਕ।
ਸੁਪਨੇ ਵਿੱਚ ਘਰ ਲੱਭਿਆ ਸੀ ਪਰ
ਉਹ ਤਾਂ ਸੀ ਬੇਗਾਨਾ
ਓਸ ਘਰੋਂ ਵੀ ਆਪਣੀਆਂ ਪੈੜਾਂ
ਲੱਭਦੇ ਰਹਿੰਦੇ ਲੋਕ।
ਤੇਰੇ ਲੇਖ ਲਿਆਏ ਜਿੱਥੇ
ਤੂੰ ਚੁੱਪ ਕਰਕੇ ਬਹਿ ਜਾ
ਸੁਣ ਲੈ ਅਮਨੇ ਘਰ ਦੀਆਂ ਬਾਤਾਂ
ਜੋ ਪਾਉਂਦੇ ਰਹਿੰਦੇ ਲੋਕ।
Total Views: 551 ,
Real Estate

















