ਚੰਡੀਗੜ੍ਹ ਦੀ ਆਪਣੀ ਵਿਧਾਨ ਸਭਾ ਹੋਣੀ ਚਾਹੀਦੀ ਹੈ, ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਵੱਖਰੀ ਬਣਾਈ ਜਾਵੇ : BJP ਚੰਡੀਗੜ੍ਹ

ਚੰਡੀਗੜ੍ਹ ਮਾਮਲੇ ਤੇ ਭਾਜਪਾ ਪ੍ਰਧਾਨ(ਚੰਡੀਗੜ੍ਹ) ਅਰੁਣ ਸੂਦ ਨੇ ਕਿਹਾ ਕਿ ਚੰਡੀਗੜ੍ਹ ਵਾਲੇ ਕੋਈ ਭੇਡ-ਬੱਕਰੀਆਂ ਨਹੀਂ ਕਿ ਕੋਈ ਵੀ ਲੈ ਜਾਵੇ। ਚੰਡੀਗੜ੍ਹ ਸਿਰਫ਼ ਚੰਡੀਗੜ੍ਹ ਦਾ ਹੈ ਤੇ ਨਿਗਮ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਸਤਾਵ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਕੇਂਦਰ ਦੇ ਨਿਯਮ ਲਾਗੂ ਸਨ। ਬਾਅਦ ਵਿੱਚ ਪੰਜਾਬ ਦੇ ਸੇਵਾ ਨਿਯਮ ਲਾਗੂ ਕੀਤੇ ਗਏ। ਸੂਦ ਨੇ ਇਹ ਗੱਲ ਸੈਕਟਰ-33 ਸਥਿਤ ਭਾਜਪਾ ਦਫ਼ਤਰ ਕਮਲਮ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਨਾਲ ਸਿਟੀ ਮੇਅਰ ਸਰਬਜੀਤ ਕੌਰ ਵੀ ਮੌਜੂਦ ਸਨ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਭੇਡਾਂ-ਬੱਕਰੀਆਂ ਨਹੀਂ ਹਨ ਕਿ ਉਨ੍ਹਾਂ ਨੂੰ ਕਿਤੇ ਵੀ ਕਿਸੇ ਦੇ ਹਵਾਲੇ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਆਪਣੀ ਹੋਂਦ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਨੂੰ ਕੇਂਦਰ ਸਾਸ਼ਤ ਪ੍ਰਦੇਸ਼ ਬਣਾ ਦੇਣਾ ਚਾਹੀਦਾ ਹੈ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਮਤਾ ਪਾਸ ਕੀਤਾ ਜਾਵੇਗਾ। ਸੂਦ ਨੇ ਕਿਹਾ ਕਿ ਚੰਡੀਗੜ੍ਹ ਭਾਜਪਾ ਦੀ ਮੰਗ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਵੱਖਰੀ ਬਣਾਈ ਜਾਵੇ। ਇਸ ਤੋਂ ਇਲਾਵਾ ਉਹ ਮੰਗ ਕਰਨਗੇ ਕਿ ਚੰਡੀਗੜ੍ਹ ਦੀ ਆਪਣੀ ਵਿਧਾਨ ਸਭਾ ਹੋਣੀ ਚਾਹੀਦੀ ਹੈ। ਸੂਦ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰ ਦੇ ਸੇਵਾ ਨਿਯਮ ਲਾਗੂ ਹੋਣਗੇ। ਇਸ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਇਸ ਫੈਸਲੇ ਦਾ ਚੰਡੀਗੜ੍ਹ ਦੇ ਸਮੂਹ ਮੁਲਾਜ਼ਮਾਂ ਨੇ ਸਵਾਗਤ ਕੀਤਾ ਹੈ। ਬੀਜੇਪੀ ਆਗੂ ਨੇ ਕਿਹਾ ਕਿ ਉਦੋਂ ਤੋਂ ਲੈ ਕੇ ਪੰਜਾਬ ਸਰਕਾਰ ਅਤੇ ‘ਆਪ’ ਆਗੂਆਂ ਵੱਲੋਂ ਵਿਧਾਨ ਸਭਾ ਵਿੱਚ ਚੰਡੀਗੜ੍ਹ ’ਤੇ ਹੱਕ ਜਤਾਉਣ ਦਾ ਮਤਾ ਪਾਸ ਕਰਨ ਦਾ ਤਰੀਕਾ ਘਟੀਆ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਇਹ ਝੂਠ ਫੈਲਾ ਰਹੀ ਹੈ ਕਿ ਚੰਡੀਗੜ੍ਹ ਵਿੱਚ ਕੇਂਦਰ ਦੇ ਸੇਵਾ ਰਾਜ ਕਾਰਨ ਪੰਜਾਬ ਦਾ ਹੱਕ ਪ੍ਰਭਾਵਿਤ ਹੋਵੇਗਾ।

Total Views: 408 ,
Real Estate