
ਪੰਜਾਬ ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਲੇਠੇ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਪ੍ਰੋਟੇਮ ਸਪੀਕਰ ਇੰਦਰਬੀਰ ਨਿੱਜਰ , ਜੋ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਨੇ 16ਵੀਂ ਵਿਧਾਨਸਭਾ ਦੇ ਨਵੇਂ ਚੁਣ ਕੇ ਆਏ ਵਿਧਾਇਕਾਂ ਨੂੰ ਸੁਹੰ ਚੁਕਾਈ। ਜਿਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਜੀਜੇ ਸੰਦੀਪ ਜਾਖੜ , ਜੋ ਅਬੋਹਰ ਤੋਂ ਵਿਧਾਇਕ ਚੁਣੇ ਗਏ ਹਨ , ਨੇ ਹਿੰਦੀ ਚ ਤੇ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣ ਕੇ ਆਏ ਵਿਧਾਇਕ ਮੁਹੰਮਦ ਜਮੀਲ ਉਲ ਰਹਿਮਾਨ ਨੇ ਉਰਦੂ ਚ ਸੁਹੰ ਚੁੱਕੀ। ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਹਰਾਉਣ ਵਾਲੇ ਆਪ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਪੈਂਰੀ ਹੱਥ ਲਾ ਕੇ ਉਨ੍ਹਾਂ ਨੂੰ ਮੁਬਾਰਕਾਂ ਦਿਤੀਆਂ। ਲੁਧਿਆਣਾ ਦੇ ਆਤਮ ਨਗਰ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਸਿਮਰਜੀਤ ਸਿੰਘ ਬੈਂਸ ਨੂੰ ਹਰਾ ਕੇ ਵਿਧਾਨ ਸਭਾ ਚ ਪਹਿਲੀ ਵਾਰ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਸੁਹੰ ਚੁੱਕਣ ਸਮੇਂ ਘਬਰਾ ਗਏ ਤੇ ਸਪੀਕਰ ਨੇ ਸਤਰਾਂ ਆਪ ਬੋਲ ਬੋਲ ਕੇ ਉਨ੍ਹਾਂ ਨੂੰ ਸੁੰਹ ਚੁਕਾਈ। ਇਸ ਦੇ ਨਾਲ ਹੀ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਆਉਣ ਵਾਲੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਜਦੋਂ ਆਪਣੀ ਸੀਟ ਤੋਂ ਉੱਠ ਕੇ ਸਪੀਕਰ ਤੱਕ ਪਹੁੰਚ ਰਹੇ ਸਨ ਤੇ ਸਾਰੇ ‘ਆਪ’ ਵਿਧਾਇਕਾਂ ਨੇ ਤਾੜੀਆਂ ਨਾਲ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਤੇ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਵਿਧਾਇਕ ਕੁਲਤਾਰ ਸੰਧਵਾ ਨੇ ਸਪੀਕਰ ਦੇ ਕੋਲ ਪਹੁੰਚ ਤੋਂ ਪਹਿਲਾਂ ਪੌੜੀਆਂ ਨੂੰ ਮੱਥਾ ਵੀ ਟੇਕਿਆ। ਵਿਰੋਧੀ ਧਿਰ ਵਾਲੇ ਪਾਸੇ ਕਾਂਗਰਸ ਤੋਂ ਸੁਖਜਿੰਦਰ ਰੰਧਾਵਾ , ਪ੍ਰਤਾਪ ਬਾਜਵਾ , ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਵਖਾਈ ਦਿੱਤੇ।



















