ਗੀਤ- ਹਿੱਕਾਂ ਡਾਹਕੇ ਖੜ੍ਹੇ, ਤੇਰੇ ਪੁੱਤ ਓਏ ਪੰਜਾਬ ਸਿੰਹਾਂ…

ਕੁਲਦੀਪ ਘੁਮਾਣ
ਭਾਵੇਂ ਗੋਲੀਆਂ ਨਾਲ ਮਰੇ,
ਭਾਵੇਂ ਫਾਂਸੀਆਂ ‘ਤੇ ਚੜ੍ਹੇ ,
ਤਾਂ ਵੀ ਹਿੱਕਾਂ ਡਾਹਕੇ ਖੜ੍ਹੇ,
ਤੇਰੇ ਪੁੱਤ ਓਏ ਪੰਜਾਬ ਸਿੰਹਾਂ।
ਕਿਸੇ ਪੁੱਛੀ ਨਾ ਵੇ ਸਾਰ,
ਤੇ ਬਣਾ ਤੇ ਗੁਨਾਹਗਾਰ,
ਦਿੱਤੇ ਫਾਂਸੀਆਂ ਤੇ ਚਾੜ੍ਹ,
ਹੋਗੇ ਲੁੱਟ ਓੲੇ ਪੰਜਾਬ ਸਿੰਹਾਂ।
ਓਏ ਜਾਗਦਾ ਏਂ………..?
ਭੁੰਨੇ ਉੱਗਦੇ ਨਾਂ ਜੌਂ,
ਦਿਨ ਗਿਆ ਈ ਵੇ ਭੌਂ,
ਤੂੰ ਤਾਂ ਆਪ ਹੀ ਗਿਆਂ ਸੌਂ,
ਹੋ ਕੇ ਗੁੱਟ ਓਏ ਪੰਜਾਬ ਸਿੰਹਾਂ।
ਕਾਹਤੋਂ ਤੇਰੇ ਮੰਦੇ ਭਾਗ,
ਉੱਠ ਸੁੱਤਿਆ ਵੇ ਜਾਗ,
ਵੇ ਕੋਈ ਛੇੜ ਨਵਾਂ ਰਾਗ,
ਸਾਜ਼ ਚੁੱਕ ਓਏ ਪੰਜਾਬ ਸਿੰਹਾਂ।
ਓਏ ਸੁਣਿਆ ਈ………..?
ਲੋਕੀਂ ਮੂੰਹ ਜਿਹਾ ਸਵਾਰ,
ਸੱਚੀਂ ਕਹਿੰਦੇ ਕੇਈ ਵਾਰ,
ਹੋਗੇ ਆਗੂ ਨੇ ਗ਼ਦਾਰ,
ਕੁਝ ਪੁੱਛ ਓਏ ਪੰਜਾਬ ਸਿੰਹਾਂ।
ਵੇ ਜੇ ‘ਰਾਜ’ ਹੀ ਰਿਹਾ ਨਾ,
ਰਾਜਭਾਗ ਹੀ ਰਿਹਾ ਨਾ,
ਜੇ ਪੰਜਾਬ ਹੀ ਰਿਹਾ ਨਾ।
ਨੀਵੀਂ ਮੁੱਛ ਓਏ ਪੰਜਾਬ ਸਿੰਹਾਂ।
ਓਏ ਬੋਲਦਾ ਕਿਉਂ ਨਹੀਂ……..?
ਵੇ ਤੇਰੇ ਢਾਡੀ ਦਰਬਾਰ,
ਨੇ ਅਜੋਕੇ ਹਥਿਆਰ,
ਵਾਜ ਕਲਮਾਂ ਨੂੰ ਮਾਰ,
ਪੁੱਛ ਦੁੱਖ ਓਏ ਪੰਜਾਬ ਸਿੰਹਾਂ।
ਕਾਹਤੋਂ ਘਰਾਂ ਵਿੱਚ ਬਹਿਗੇ,
ਕੁਝ ਗਾਇਕੀ ਵੱਲ ਪੈਗੇ,
ਐਡੇ ਫੈਸਲੇ ਕਿਉਂ ਲੈਗੇ,
ਗੲੇ ਕਿਉਂ ਟੁੱਟ ਓਏ ਪੰਜਾਬ ਸਿੰਹਾਂ।
ਹੁਣ ਵੀ ਜਾਗ ਪੈ ਓਏ………।
ਵੇ ਪੈਣੇ ਸਾੜਨੇ ਮਸੰਦ,
ਜਿੰਨ੍ਹਾਂ ਪਾਇਆ ਏਨਾ ਗੰਦ,
ਹੋ ਕੇ ਫੇਰ ਜਥੇਬੰਦ,
ਜੜ੍ਹੋਂ ਪੁੱਟ ਵੇ ਪੰਜਾਬ ਸਿੰਹਾਂ।
ਮਾੜੇ ਆਗੂ ਨੂੰ ਸਜ਼ਾਵਾਂ,
ਆਉਂਣ ਠੰਡੀਆਂ ਹਵਾਵਾਂ,
ਸੁਖੀ ਵੱਸਣ ਵੇ ਮਾਵਾਂ,
ਮਰੇ ਪੁੱਤ ਵੇ ਪੰਜਾਬ ਸਿੰਹਾਂ।
ਓਏ ਹੁੰਗਾਰਾ ਕਿਉਂ ਨਹੀਂ ਦਿੰਦਾ…….?
ਹੋਣਾ ਹੱਲ ਹੀ ਕੋਈ ਤਾਂ ਸੀ,
ਜੇ ਭ੍ਰਿਸ਼ਟਾਂ ਨੂੰ ਫਾਂਸੀ।
ਨੇਕ ਬੰਦੇ ਠੰਡੀ ਛਾਂ ਸੀ।
ਬਹਿੰਦੇ ਜੁੱਟ ਓਏ ਪੰਜਾਬ ਸਿੰਹਾਂ।
ਤੂੰ ਘੁਮਾਣ ਦੀ ਤਾਂ ਮੰਨ,
ਵੇਖੀਂ ਹੋ ਜੂ ਧੰਨ ਧੰਨ,
ਭੈੜੇ ਬੰਦਿਆਂ ਦੇ ਕੰਨ,
ਹੁਣ ਪੁੱਟ ਓਏ ਪੰਜਾਬ ਸਿੰਹਾਂ।
ਓ ਲੱਗੀ ਏ ਸਮਝ ਬਾਪੂ ਜੀ…….?
ਵੇ ਤੇਰੇ ਭਗਤ ਸਰਾਭੇ,
ਨਾਲੇ ਗ਼ਦਰੀ ਵੇ ਬਾਬੇ,
ਜਾ ਕੇ ਪੁੱਛ ਖਾਂ ਦੁਆਬੇ।
ਕਿੱਥੇ ਗੁੱਟ ਓਏ ਪੰਜਾਬ ਸਿੰਹਾਂ।
ਜਿੰਨ੍ਹਾਂ ਪੂਰਨੇ ਸੀ ਪਾਏ,
ਸਾਰੇ ਬਾਹਰੋਂ ਸੀ ਵੇ ਆਏ,
ਹੁਣ ਲੱਭੇ ਨਾ ਥਿਆਏ।
ਤੇਰੇ ਪੁੱਤ ਓਏ ਪੰਜਾਬ ਸਿੰਹਾਂ।
Total Views: 269 ,
Real Estate