
ਕਾਂਗਰਸੀ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਭਾਰਤੀ ਏਜੰਸੀ ਈ ਡੀ ‘ਤੇ ਇਲਜ਼ਾਮ ਲਾਏ ਹਨ ਕਿ ਈ ਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਬੋਰੀ ‘ਚ ਪਾ ਕੇ ਕੁੱਟਿਆ ਗਿਆ ਹੈ ਅਤੇ ਟਾਰਚਰ ਕੀਤਾ ਗਿਆ ਤਾਂ ਜੋ ਈ ਡੀ ਦੇ ਅਫਸਰਾਂ ਦੀ ਪਛਾਣ ਨਾ ਹੋ ਸਕੇ। ਉਸ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਗਿਆ, ਕਰੰਟ ਵੀ ਲਾਇਆ ਗਿਆ ਅਤੇ ਉਸ ਦੇ ਸਰੀਰ ‘ਤੇ ਇਹਨਾਂ ਸੱਟਾਂ ਦੇ ਨਿਸ਼ਾਨ ਵੀ ਹਨ ਪਰ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਰਵਨੀਤ ਸਿੰਘ ਬਿੱਟੂ ਨੇ ਇਹ ਇਲਜ਼ਾਮ ਲਾਉਂਦਿਆ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਈ ਡੀ ਨੇ ਭੁਪਿੰਦਰ ਹਨੀ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਤੋਂ ਰਿਮਾਂਡ ਮੰਗਿਆ ਸੀ ਪਰ ਜਲੰਧਰ ਸਪੈਸ਼ਲ ਕੋਰਟ ਨੇ ਹਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ। ਈ ਡੀ ਨੇ ਉਸ ਕੋਲੋਂ 10 ਕਰੋੜ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਸੀ।



















