ਸਿਆਸੀ ਮਜਬੂਰੀ : ਪ੍ਰਨੀਤ ਕੌਰ ਨਾ ਤਾਂ ਕੈਪਟਨ ਖਿਲਾਫ ਵੋਟਾਂ ਮੰਗ ਸਕਦੇ ਹਨ ਨਾ ਹੀ ਹੱਕ ਵਿੱਚ !

ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਤੋਂ ਵੀ ਕਿਨਾਰਾ ਕਰਨਾ ਪੈ ਰਿਹਾ ਹੈ। ਅਸਲ ’ਚ ਉਹ ਅਜਿਹੀ ਸਿਆਸੀ ਮਜਬੂਰੀ ਦਾ ਸ਼ਿਕਾਰ ਹੋ ਗਏ ਹਨ, ਜਿਸ ਦੌਰਾਨ ਉਨ੍ਹਾਂ ਨੂੰ ਨਾ ਸਿਰਫ਼ ‘ਮੌਨ’ ਧਾਰਨਾ ਪੈ ਰਿਹਾ ਹੈ, ਬਲਕਿ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਚ ‘ਨਜ਼ਰਬੰਦ’ ਵੀ ਰਹਿਣਾ ਪੈ ਰਿਹਾ ਹੈ। ਪ੍ਰਨੀਤ ਕੌਰ ਕਾਂਗਰਸ ਵੱਲੋਂ ਸੰਸਦ ਮੈਂਬਰ ਹਨ। ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਚੁੱਕੇ ਹਨ ਅਤੇ ਉਸੇ ਪਾਰਟੀ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਵੀ ਹਨ। ਲੋਕਾਂ ’ਚ ਵਧੇਰੇ ਵਿਚਰਦੇ ਰਹਿਣ ਕਰਕੇ ਪਹਿਲਾਂ ਪਤੀ ਦੀ ਚੋਣ ਮੁਹਿੰਮ ਦੀ ਕਮਾਨ ਪ੍ਰਨੀਤ ਕੌਰ ਦੇ ਹੱਥਾਂ ’ਚ ਹੀ ਹੋਇਆ ਕਰਦੀ ਸੀ। ਪਰ ਐਤਕੀਂ ਇਹ ਕਮਾਨ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਨੂੰ ਸੰਭਾਲਣੀ ਪਈ ਹੈ। ਜੇ ਪ੍ਰਨੀਤ ਕੌਰ ਕੈਪਟਨ ਦੀ ਚੋਣ ਮੁਹਿੰਮ ਦਾ ਹਿੱਸਾ ਬਣਦੇ ਹਨ ਤਾਂ ਕਾਂਗਰਸ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ। ਅਜਿਹੀ ਸੂਰਤ ’ਚ ਭਾਵੇਂ ਉਨ੍ਹਾਂ ਦੀ ਲੋਕ ਸਭਾ ਮੈਂਬਰੀ ’ਤੇ ਤਾਂ ਕੋਈ ਫਰਕ ਨਹੀਂ ਪਵੇਗਾ ਪਰ ਉਹ ਆਪਣੀ ਪਾਰਟੀ ਤੋਂ ਅਲੱਗ ਪੈ ਸਕਦੇ ਹਨ। ਇਸ ਕਰ ਕੇ ਉਹ ਮੋਤੀ ਮਹਿਲ ਦੇ ਅੰਦਰ ਹੀ ਰਹਿ ਰਹੇ ਹਨ। ਨਾ ਤਾਂ ਉਹ ਆਪਣੀ ਪਾਰਟੀ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਨਾ ਹੀ ਆਪਣੇ ਪਤੀ ਦੀ ਪਾਰਟੀ ਲਈ।

Total Views: 127 ,
Real Estate